ਕਸ਼ਮੀਰ ਵਿਚ 13,000 ਨੌਜਵਾਨ ਚੁੱਕੇ ਗਏ : ਮਹਿਲਾ ਜਥੇਬੰਦੀਆਂ
ਮਨੁੱਖੀ ਅਧਿਕਾਰਾਂ ਦੀ ਹੋ ਰਹੀ ਹੈ ਉਲੰਘਣਾ, ਧਾਰਾ 370 ਬਹਾਲ ਹੋਵੇ, ਫ਼ੋਜ ਵਾਪਸ ਬੁਲਾਈ ਜਾਵੇ
ਨਵੀਂ ਦਿੱਲੀ: ਮਹਿਲਾ ਸਮਾਜਕ ਕਾਰਕੁਨਾਂ ਦੀ ਪੰਜ ਮੈਂਬਰੀ ਟੀਮ ਨੇ ਕਸ਼ਮੀਰ ਘਾਟੀ ਦੇ ਦੌਰੇ ਮਗਰੋਂ ਕਿਹਾ ਕਿ ਘਾਟੀ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਧਾਰਾ 370 ਨੂੰ ਬਹਾਲ ਕੀਤਾ ਜਾਵੇ। ਕਾਰਕੁਨਾਂ ਨੇ ਕਿਹਾ ਕਿ ਘਾਟੀ ਵਿਚ ਹਾਲਾਤ ਖ਼ਰਾਬ ਹਨ ਅਤੇ ਧਾਰਾ 370 ਹਟਾਏ ਜਾਣ ਮਗਰੋਂ ਘਾਟੀ ਵਿਚ 13,000 ਕਸ਼ਮੀਰੀ ਨੌਜਵਾਨ ਚੁਕੇ ਗਏ ਹਨ। ਉਨ੍ਹਾਂ ਫ਼ੌਜ ਤੇ ਅਰਧਸੈਨਿਕ ਬਲਾਂ ਨੂੰ ਤੁਰਤ ਵਾਪਸ ਬੁਲਾਉਣ ਦੀ ਮੰਗ ਕੀਤੀ।
ਟੀਮ ਨੇ ਰੀਪੋਰਟ ਪੇਸ਼ ਕਰਦਿਆਂ ਇੰਟਰਨੈਟ ਅਤੇ ਮੋਬਾਈਲ ਸੇਵਾਵਾਂ ਸਮੇਤ ਸਾਰੇ ਸੰਚਾਰ ਸਾਧਨਾਂ ਦੀ ਤੁਰਤ ਬਹਾਲੀ ਮੰਗੀ। ਇਸ ਟੀਮ ਵਿਚ ਨੈਸ਼ਨਲ ਫ਼ਾਊਂਡੇਸ਼ਨ ਆਫ਼ ਇੰਡੀਅਨ ਵਿਮਨ ਦੀ ਐਨੀ ਰਾਜਾ, ਕੰਵਲਜੀਤ ਕੌਰ ਅਤੇ ਪੰਖੁੜੀ ਜ਼ਹੀਰ, ਪ੍ਰਗਤੀਸ਼ੀਲ ਮਹਿਲਾ ਸੰਗਠਨ ਦੀ ਪੂਨਮ ਕੌਸ਼ਿਕ ਅਤੇ ਮੁਸਲਿਮ ਵਿਮਨ ਫ਼ੋਰਮ ਦੀ ਸਇਅਦਾ ਹਮੀਦ ਸ਼ਾਮਲ ਸੀ। ਟੀਮ ਨੇ 17 ਤੋਂ 21 ਸਤੰਬਰ ਤਕ ਕਸ਼ਮੀਰ ਦਾ ਦੌਰਾ ਕੀਤਾ।
ਟੀਮ ਨੇ ਅਪਣੀ ਰੀਪੋਰਟ ਸਬੰਧੀ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕੀਤਾ। ਮਹਿਲਾ ਕਾਰਕੁਨ ਸ਼ੋਪੀਆਂ, ਪੁਲਵਾਮਾ ਅਤੇ ਬਾਂਦੀਪੁਰਾ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿਚ ਗਈਆਂ। ਰੀਪੋਰਟ ਵਿਚ ਕਿਹਾ ਗਿਆ ਹੈ, 'ਅਸੀਂ ਅਪਣੀਆਂ ਨਜ਼ਰਾਂ ਨਾਲ ਵੇਖਣਾ ਚਾਹੁੰਦੇ ਸੀ ਕਿ 43 ਦਿਨਾਂ ਦੀ ਇਸ ਤਾਲਾਬੰਦੀ ਨੇ ਲੋਕਾਂ ਖ਼ਾਸਕਰ ਔਰਤਾਂ ਅਤੇ ਬੱਚਿਆਂ 'ਤੇ ਕੀ ਅਸਰ ਪਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਾਲਾਬੰਦੀ ਦੌਰਾਨ 13000 ਮੁੰਡਿਆਂ ਨੂੰ ਚੁੱਕ ਲਿਆ ਗਿਆ।
ਉਨ੍ਹਾਂ ਮੰਗ ਕੀਤੀ ਕਿ ਆਮ ਹਾਲਾਤ ਬਹਾਲ ਕਰਨ ਲਈ ਅਰਧਸੈਨਿਕ ਬਲ ਅਤੇ ਫ਼ੌਜ ਨੂੰ ਵਾਦੀ ਵਿਚੋਂ ਵਾਪਸ ਬੁਲਾਇਆ ਜਾਵੇ। ਕਾਰਕੁਨਾਂ ਨੇ ਰੀਪੋਰਟ ਵਿਚ ਕਿਹਾ, 'ਧਾਰਾ 370 ਅਤੇ 35 ਏ ਨੂੰ ਬਹਾਲ ਕੀਤਾ ਜਾਵੇ। ਜੰਮੂ ਕਸ਼ਮੀਰ ਦੇ ਰਾਜਸੀ ਭਵਿੱਖ ਨਾਲ ਜੁੜੇ ਸਾਰ ਫ਼ੈਸਲਿਆਂ ਬਾਰੇ ਉਥੋਂ ਦੇ ਲੋਕਾਂ ਨਾਲ ਗੱਲ ਕੀਤੀ ਜਾਵੇ।' ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਨਾਗਰਿਕ ਇਲਾਕਿਆਂ ਤੋਂ ਫ਼ੌਜ ਦੇ ਸਾਰੇ ਜਵਾਨ ਹਟਾਏ ਜਾਣ।
ਉਨ੍ਹਾਂ ਮੰਗ ਕੀਤੀ ਕਿ ਵਿਸ਼ਵਾਸ ਬਹਾਲੀ ਲਈ ਤੁਰਤ ਸਾਰੇ ਮਾਮਲਿਆਂ/ਪਰਚਿਆਂ ਨੂੰ ਰੱਦ ਕੀਤਾ ਜਾਵੇ ਅਤੇ ਲੋਕਾਂ ਨੂੰ ਰਿਹਾਅ ਕੀਤਾ ਜਾਵੇ ਖ਼ਾਸਕਰ ਉਨ੍ਹਾਂ ਨੌਜਵਾਨਾਂ ਨੂੰ ਜਿਹੜੇ ਧਾਰਾ 370 ਹਟਾਏ ਜਾਣ ਮਗਰੋਂ ਹਿਰਾਸਤ ਜਾਂ ਜੇਲ ਵਿਚ ਬੰਦ ਹਨ। ਕਾਰਕੁਨਾਂ ਨੇ ਕਿਹਾ, 'ਉਹ ਹਸਪਤਾਲਾਂ, ਸਕੂਲਾਂ, ਘਰਾਂ, ਬਾਜ਼ਾਰਾਂ ਵਿਚ ਗਏ, ਲੋਕਾਂ ਨਾਲ ਗੱਲਬਾਤ ਕੀਤੀ। ਇਹ ਰੀਪੋਰਟ ਅੱਖਾਂ ਖੋਲ੍ਹਣ ਵਾਲੀ ਹੈ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।