ਮੈਨੂੰ ਜੇਲ ਜਾਣ ਦਾ ਤਜ਼ਰਬਾ ਨਹੀਂ, ਜੇ ਕੋਈ ਭੇਜਣਾ ਚਾਹੁੰਦਾ ਤਾਂ ਖ਼ੁਸ਼ੀ ਹੋਵੇਗੀ : ਸ਼ਰਦ ਪਵਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਮੈਂ 27 ਸਤੰਬਰ ਨੂੰ ਦੁਪਹਿਰ 2 ਵਜੇ ਈ.ਡੀ. ਦੇ ਦਫ਼ਤਰ 'ਚ ਜਾਵਾਂਗਾ

I will be pleased to go to jail : Sharad Pawar

ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਕੋਆਪ੍ਰੇਟਿਵ ਬੈਂਕ ਘੁਟਾਲੇ 'ਚ ਨੈਸ਼ਨਲ ਕਾਂਗਰਸ ਪਾਰਟੀ (ਐਨ.ਸੀ.ਪੀ.) ਪ੍ਰਧਾਨ ਸ਼ਰਦ ਪਵਾਰ ਅਤੇ ਉਨ੍ਹਾਂ ਦੇ ਭਤੀਜੇ ਅਜੀਤ ਵਿਰੁਧ ਦਰਜ ਕੀਤੇ ਗਏ ਮਾਮਲੇ ਨੂੰ ਲੈ ਕੇ ਐਨ.ਸੀ.ਪੀ. ਕਾਰਕੁਨਾਂ ਨੇ ਅੱਜ ਈ.ਡੀ. ਦੇ ਮੁੰਬਈ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਉਨ੍ਹਾਂ ਨੇ ਪਾਰਟੀ ਦਾ ਝੰਡਾ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। 

ਬੁਧਵਾਰ ਨੂੰ ਪੱਤਰਕਾਰ ਸੰਮੇਲਨ 'ਚ ਸ਼ਰਦ ਪਵਾਰ ਨੇ ਕਿਹਾ ਕਿ ਉਹ ਈ.ਡੀ. ਦੀ ਜਾਂਚ 'ਚ ਪੂਰਾ ਸਹਿਯੋਗ ਦੇਣਗੇ। ਉਹ 27 ਸਤੰਬਰ ਨੂੰ ਖੁਦ ਈ.ਡੀ. ਦੇ ਦਫ਼ਤਰ ਜਾਣਗੇ ਅਤੇ ਜਾਂਚ ਲਈ ਮੌਜੂਦ ਰਹਿਣਗੇ। ਉਨ੍ਹਾਂ ਨੂੰ ਹੁਣ ਤਕ ਜੇਲ ਜਾਣ ਦਾ ਤਜ਼ਰਬਾ ਨਹੀਂ ਹੈ। ਜੇ ਕੋਈ ਉਨ੍ਹਾਂ ਨੂੰ ਜੇਲ ਭੇਜਣਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਕਰਦੇ ਹਨ। ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ। 

ਪਵਾਰ ਨੇ ਕਿਹਾ, "ਮੈਂ ਜਾਂਚ ਏਜੰਸੀਆਂ ਦਾ ਧਨਵਾਦ ਕਰਦਾ ਹਾਂ, ਕਿਉਂਕਿ ਉਨ੍ਹਾਂ ਨੇ ਅਜਿਹੇ ਬੈਂਕ ਨਾਲ ਸਬੰਧਤ ਇਕ ਮਾਮਲੇ 'ਚ ਮੇਰਾ ਨਾਂ ਸ਼ਾਮਲ ਕੀਤਾ ਹੈ, ਜਿਸ ਦਾ ਮੈਂ ਮੈਂਬਰ ਵੀ ਨਹੀਂ ਹਾਂ। ਮੈਂ ਇਸ ਦੇ ਫ਼ੈਸਲਿਆਂ 'ਚ ਸ਼ਾਮਲ ਨਹੀਂ ਸੀ। ਜੇ ਉਨ੍ਹਾਂ ਨੇ ਮੇਰੇ ਵਿਰੁਧ ਵੀ ਮਾਮਲਾ ਦਰਜ ਕੀਤਾ ਹੈ ਤਾਂ ਇਸ ਦਾ ਸਵਾਗਤ ਕਰਦਾ ਹਾਂ। ਜਾਂਚ ਕਰਨ ਵਾਲੀ ਏਜੰਸੀ ਨੂੰ ਮੇਰੀ ਹਾਜ਼ਰੀ ਚਾਹੀਦੀ ਹੈ ਤਾਂ ਉਨ੍ਹਾਂ ਨੂੰ ਇਹ ਗ਼ਲਤਫ਼ਹਿਮੀ ਨਾ ਰਹੇ ਕਿ ਮੈਂ ਨਹੀਂ ਆਵਾਂਗਾ। ਮੈਂ 27 ਸਤੰਬਰ ਨੂੰ ਦੁਪਹਿਰ 2 ਵਜੇ ਈ.ਡੀ. ਦੇ ਦਫ਼ਤਰ 'ਚ ਜਾਣ ਵਾਲਾ ਹਾਂ। ਜੋ ਜਾਂਚ ਕਰਨੀ ਹੈ, ਉਸ ਲਈ ਮੌਜੂਦ ਰਹਾਂਗਾ।"

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਟੇਟ ਕੋਆਪ੍ਰੇਟਿਵ ਬੈਂਕ ਨੂੰ ਸਾਲ 2007 ਤੋਂ 2011 ਵਿਚਕਾਰ ਲਗਭਗ 1000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਮਾਮਲੇ ਨੂੰ ਲੈ ਕੇ ਨਾਬਾਰਡ ਅਤੇ ਮਹਾਰਾਸ਼ਟਰਾ ਸਹਿਕਾਰਿਤਾ ਵਿਭਾਗ ਵੱਲੋਂ ਇਕ ਪਟੀਸ਼ਨ ਦਾਇਰ ਕੀਤੀ ਗਈ। ਇਸ ਪਟੀਸ਼ਨ 'ਚ ਬੈਂਕ ਨੂੰ ਹੋਏ ਨੁਕਸਾਨ ਲਈ ਅਜੀਤ ਅਤੇ ਬੈਂਕ ਦੇ ਦੂਜੇ ਡਾਈਰੈਕਟਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੈਂਕ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਉਨ੍ਹਾਂ ਵੱਲੋਂ ਲਏ ਗਏ ਫ਼ੈਸਲਿਆਂ ਕਾਰਨ ਬੈਂਕ ਨੂੰ ਕਾਫ਼ੀ ਨੁਕਸਾਨ ਹੋਇਆ ਹੈ।