ਮਨਜੀਤ ਸਿੰਘ ਜੀ ਕੇ 'ਤੇ ਇਕ ਲੱਖ ਡਾਲਰ ਖੁਰਦ ਬੁਰਦ ਕਰਨ ਦੇ ਦੋਸ਼
ਜੀ.ਕੇ. 'ਤੇ ਇਕ ਲੱਖ ਕੈਨੇਡੀਅਨ ਡਾਲਰ ਨੂੰ ਖੁਰਦ ਬੁਰਦ ਕਰਨ ਤੇ ਹੋਰ ਆਰਥਕ ਬੇਨਿਯਮੀਆਂ ਦੇ ਦੋਸ਼ ਹਨ।
ਨਵੀਂ ਦਿੱਲੀ (ਅਮਨਦੀਪ ਸਿੰਘ) : ਚੀਫ਼ ਮੈਟਰੋਪਾਲੀਟੇਨ ਮੈਜਿਸਟ੍ਰੇਟ ਮਨੀਸ਼ ਖ਼ੁਰਾਣਾ ਦੀ ਅਦਾਲਤ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੇ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਤੋਂ 8 ਨਵੰਬਰ ਤੱਕ ਸੀਲ ਬੰਦ ਲਿਫ਼ਾਫ਼ੇ ਵਿਚ ਰੀਪੋਰਟ ਤਲਬ ਕੀਤੀ ਹੈ। ਜੀ.ਕੇ. 'ਤੇ ਇਕ ਲੱਖ ਕੈਨੇਡੀਅਨ ਡਾਲਰ ਨੂੰ ਖੁਰਦ ਬੁਰਦ ਕਰਨ ਤੇ ਹੋਰ ਆਰਥਕ ਬੇਨਿਯਮੀਆਂ ਦੇ ਦੋਸ਼ ਹਨ।
ਪਟਿਆਲਾ ਹਾਊਸ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਪਟੀਸ਼ਨਰ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ.ਗੁਰਮੀਤ ਸਿੰਘ ਸ਼ੰਟੀ ਦੇ ਵਕੀਲ ਰਾਜਿੰਦਰ ਛਾਬੜਾ ਨੇ ਕਿਹਾ ਇਸ ਮਾਮਲੇ ਵਿਚ ਬਾਬਾ ਹਰਨਾਮ ਸਿੰਘ ਧੁੰਮਾ ਤੇ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਰਵਿੰਦਰ ਕੌਰ, ਚੀਫ਼ ਅਕਾਊਂਟੈਂਟ ਜਗਮੋਹਨ ਸਿੰਘ ਅਤੇ ਧਰਮਿੰਦਰ ਸਿੰਘ ਤੋਂ ਸਹੀ ਢੰਗ ਨਾਲ ਪੁਛ ਪੜਤਾਲ ਨਹੀਂ ਕੀਤੀ।
ਜਦਕਿ ਪੜਤਾਲੀਆ ਅਫ਼ਸਰ ਨੇ ਕਿਹਾ ਕਿ ਛੇਤੀ ਹੀ ਇਨ੍ਹਾਂ ਸਾਰਿਆਂ ਨੂੰ ਪੁਛ ਪੜਤਾਲ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਚੀਫ਼ ਅਕਾਊਂਟੈਂਟ ਤੋਂ ਪੜਤਾਲ ਕੀਤੀ ਗਈ ਹੈ ਤੇ ਉਸ ਨੇ ਮੰਗੇ ਗਏ ਵੇਰਵੇ ਦੇਣ ਲਈ ਕੁੱਝ ਸਮਾਂ ਮੰਗਿਆ ਹੈ। ਪਟੀਸ਼ਨਰ ਗੁਰਮੀਤ ਸਿੰਘ ਸ਼ੰਟੀ ਵਲੋਂ ਦਿੱਲੀ ਪੁਲਿਸ 'ਤੇ ਮਾਮਲੇ ਦੀ ਸਹੀ ਢੰਗ ਨਾਲ ਪੜਤਾਲ ਨਾ ਕਰਨ ਦੇ ਦੋਸ਼ ਲਾਉਣ ਪਿਛੋਂ ਬੀਤੇ ਦਿਨੀਂ ਹੀ ਇਹ ਮਾਮਲਾ ਮੈਟਰੋਪਾਲੀਟੇਨ ਮੈਜਿਸਟ੍ਰੇਟ ਪ੍ਰੀਤੀ ਪਰੇਵਾ ਵਲੋਂ ਕ੍ਰਾਈਮ ਬ੍ਰਾਂਚ ਹਵਾਲੇ ਕੀਤਾ ਗਿਆ ਸੀ। ਅਦਾਲਤੀ ਸੁਣਵਾਈ ਪਿਛੋਂ ਸ.ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਅੱਜ ਦੀ ਸੁਣਵਾਈ ਨਾਲ ਉਹ ਸੰਤੁਸ਼ਟ ਹਨ ਤੇ ਉਮੀਦ ਹੈ ਕਿ ਮਾਮਲੇ ਵਿਚ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਦੇ ਬਿਆਨ ਕਲਮਬੰਦ ਹੋਣ ਪਿਛੋਂ ਜੀ ਕੇ ਨੂੰ ਜੇਲ ਜਾਣਾ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।