'ਸੱਤਾ ਦਾ ਘੁਮੰਡ' ਕਰਨ ਵਾਲਿਆਂ ਲਈ ਸਬਕ ਹਨ ਮਹਾਰਾਸ਼ਟਰ ਦੇ ਨਤੀਜੇ : ਸ਼ਿਵ ਸੈਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਘੱਟ ਸੀਟਾਂ ਜਿੱਤਣ ਲਈ ਭਾਈਵਾਲ ਭਾਜਪਾ ਨੂੰ ਬਣਾਇਆ ਨਿਸ਼ਾਨਾ

Arrogance of power is not acceptable, ShivSena warns BJP in Saamana

ਮੁੰਬਈ : ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਇਕ ਦਿਨ ਬਾਅਦ ਸ਼ਿਵ ਸੈਨਾ ਨੇ ਚੋਣਾਂ ਵਿਚ ਉਮੀਦ ਤੋਂ ਘੱਟ ਪ੍ਰਦਰਸ਼ਨ ਕਰਨ ਵਾਲੀ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਰਾਜ ਵਿਚ ਕੋਈ ਵੱਡਾ ਫ਼ਤਵਾ ਨਹੀਂ ਅਤੇ ਇਹ ਨਤੀਜਾ ਅਸਲ ਵਿਚ ਉਨ੍ਹਾਂ ਲੋਕਾਂ ਲਈ ਸਬਕ ਹੈ ਜਿਹੜੇ ਸੱਤਾ ਦੇ ਘੁਮੰਡ ਵਿਚ ਚੂਰ ਹਨ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ 21 ਅਕਤੂਬਰ ਨੂੰ 'ਮਹਾ ਜਨਾਦੇਸ਼ ਯਾਤਰਾ' ਦੌਰਾਨ 288 ਵਿਚੋਂ 200 ਤੋਂ ਵੱਧ ਚੋਣ ਹਲਕਿਆਂ ਦਾ ਦੌਰਾ ਕੀਤਾ ਸੀ। ਇਕ ਦਿਨ ਪਹਿਲਾਂ 23 ਅਕਤੂਬਰ ਨੂੰ ਭਗਵਾਂ ਗਠਜੋੜ ਦੁਆਰਾ 200 ਤੋਂ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਸੀ। ਸ਼ਿਵ ਸੈਨਾ ਨੇ ਅਪਣੇ ਅਖ਼ਬਾਰ 'ਮੁੱਖ ਪੱਤਰ' ਵਿਚ ਕਿਹਾ ਕਿ ਇਸ ਫ਼ਤਵੇ ਨੇ ਇਹ ਧਾਰਨਾ ਰੱਦ ਕਰ ਦਿਤੀ ਹੈ ਕਿ ਦਲ ਬਦਲ ਕੇ ਅਤੇ ਵਿਰੋਧੀ ਧਿਰਾਂ ਵਿਚ ਸੰਨ੍ਹ ਲਾ ਕੇ ਵੱਡੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਚੋਣਾਂ ਵਿਚ ਰਾਕਾਂਪਾ ਅਤੇ ਕਾਂਗਰਸ ਨੇ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਸੰਪਾਦਕੀ ਵਿਚ ਨਤੀਜਿਆਂ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਗਿਆ ਕਿ ਨਤੀਜੇ ਦਰਸਾਉਂਦੇ ਹਨ ਕਿ ਵਿਰੋਧੀਆਂ ਨੂੰ ਰਾਜਨੀਤੀ ਵਿਚ ਖ਼ਤਮ ਨਹੀਂ ਕੀਤਾ ਜਾ ਸਕਦਾ। ਮਰਾਠੀ ਅਖ਼ਬਾਰ ਨੇ ਲਿਖਿਆ ਕਿ ਚੋਣਾਂ ਦੌਰਾਨ ਭਾਜਪਾ ਨੇ ਰਾਕਾਂਪਾ ਵਿਚ ਇਸ ਤਰ੍ਹਾਂ ਸੰਨ੍ਹ ਲਾਈ ਕਿ ਲੋਕਾਂ ਨੂੰ ਲੱਗਣ ਲੱਗਾ ਸੀ ਕਿ ਸ਼ਰਦ ਪਵਾਰ ਦੀ ਪਾਰਟੀ ਦਾ ਕੋਈ ਭਵਿੱਖ ਨਹੀਂ। ਸ਼ਿਵ ਸੈਨਾ ਨੇ ਕਿਹਾ, 'ਪਰ ਰਾਕਾਂਪਾ ਨੇ 50 ਸੀਟਾਂ ਦਾ ਅੰਕੜਾ ਪਾਰ ਕਰ ਕੇ ਵਾਪਸੀ ਕੀਤੀ ਅਤੇ ਆਗੂ-ਹੀਣ ਕਾਂਗਰਸ ਨੂੰ 44 ਸੀਟਾਂ 'ਤੇ ਜਿੱਤ ਮਿਲੀ। ਇਹ ਨਤੀਜੇ ਸੱਤਾ ਧਿਰ ਨੂੰ ਚੇਤਾਵਨੀ ਦਿੰਦੇ ਹਨ ਕਿ ਸੱਤਾ ਦਾ ਘੁਮੰਡ ਨਾ ਕਰੇ। ਨਤੀਜੇ ਉਸ ਲਈ ਸਬਕ ਹਨ।