ਹਰਿਆਣਾ ’ਚ ਠੁੱਸ ਹੋਇਆ ‘ਮੋਦੀ ਦਾ ਜਾਦੂ’!

ਏਜੰਸੀ

ਖ਼ਬਰਾਂ, ਰਾਸ਼ਟਰੀ

ਆਜ਼ਾਦ ਵਿਧਾਇਕਾਂ ਸਹਾਰੇ ਬਣ ਰਹੀ ਸਰਕਾਰ

Modi government in Haryana

ਹਰਿਆਣਾ: ਪੰਜਾਬ ਵਿਚ ਤਾਂ ਮੋਦੀ ਦਾ ਜਾਦੂ ਪਹਿਲਾਂ ਤੋਂ ਹੀ ਬੇਅਸਰ ਰਿਹਾ ਹੈ ਪਰ ਹੁਣ ਇਹ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਬੇਅਸਰ ਹੁੰਦਾ ਜਾਪ ਰਿਹਾ ਹੈ ਕਿਉਂਕਿ ਹਾਲੇ ਪੰਜ ਮਹੀਨੇ ਪਹਿਲਾਂ ਮਈ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ‘ਮੋਦੀ ਮੈਜ਼ਿਕ’ ਨੇ ਹਰਿਆਣਾ ’ਚ ਭਾਜਪਾ ਨੂੰ ਸ਼ਾਨਦਾਰ ਜਿੱਤ ਨਸੀਬ ਕਰਵਾਈ ਸੀ ਪਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖ ਕੇ ਇਹ ਜਾਦੂ ਮਹਿਜ਼ ਪੰਜ ਮਹੀਨਿਆਂ ਵਿਚ ਹੀ ਛੂਹ ਮੰਤਰ ਹੋ ਗਿਆ ਜਾਪਦਾ ਹੈ।

 75 ਦਾ ਅੰਕੜਾ ਲੈ ਕੇ ਚੱਲ ਰਹੀ ਹਰਿਆਣਾ ਭਾਜਪਾ 40 ਦੇ ਅੰਕੜਾ ਵੀ ਮਸਾਂ ਛੂਹ ਸਕੀ ਹੈ। ਆਓ ਹਰਿਆਣਾ ਦੇ ਸਿਆਸੀ ਘਟਨਾਕ੍ਰਮ ’ਤੇ ਇਕ ਝਾਤ ਮਾਰਦੇ ਆਂ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁਲ ਨਾਲ ਹੋਣ ਕਰ ਕੇ ਹਰਿਆਣਾ ਕਾਫ਼ੀ ਮਹੱਤਵ ਰੱਖਦੈ। ਇਹੀ ਵਜ੍ਹਾ ਏ ਕਿ ਬਹੁਮਤ ਦਾ ਅੰਕੜਾ ਹਾਸਲ ਕਰਨ ਲਈ ਭਾਜਪਾ ਨੇ ਇੱਥੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ।

ਇਸ ਮਿਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਸਮ੍ਰਿਤੀ ਇਰਾਨੀ, ਹੇਮਾ ਮਾਲਿਨੀ, ਸੰਨੀ ਦਿਓਲ, ਰਾਜਨਾਥ ਸਿੰਘ, ਨਿਤਿਨ ਗਡਕਰੀ ਵਰਗੇ ਵੱਡੇ ਚਿਹਰਿਆਂ ਸਮੇਤ 40 ਸਟਾਰ ਪ੍ਰਚਾਰਕਾਂ ਨੇ ਅਪਣੀ ਤਾਕਤ ਝੋਕੀ ਹੋਈ ਸੀ ਪਰ ਇਸ ਸਭ ਦੇ ਬਾਵਜੂਦ ਹਰਿਆਣਾ ’ਚ ਭਾਜਪਾ ‘ਮਨੋਹਰ’ ਜਿੱਤ ਹਾਸਲ ਨਹੀਂ ਕਰ ਸਕੀ।

ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਅਪਣੀ ‘ਜਨ ਆਸ਼ੀਰਵਾਦ’ ਯਾਤਰਾ ਨਾਲ ਕੀਤੀ ਸੀ ਅਤੇ ਹਲਕਾ ਵਾਰ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਲੈ ਕੇ ਸਾਰੇ 90 ਹਲਕਿਆਂ ਨੂੰ ਮਾਪਿਆ। ਹੋਰ ਤਾਂ ਹੋਰ ਟਿਕਟਾਂ ਦੀ ਵੰਡ ਵਿਚ ਪੂਰੀ ਤਰ੍ਹਾਂ ਮਨੋਹਰ ਲਾਲ ਖੱਟੜ ਦੀ ਹੀ ਚੱਲੀ। ਭਾਜਪਾ ਨੂੰ ਸ਼ਾਇਦ ਅਪਣੀ ਇਸ ਹਾਲਤ ਦਾ ਅੰਦਾਜ਼ਾ ਪਹਿਲਾਂ ਹੀ ਹੋਣਾ ਸ਼ੁਰੂ ਹੋ ਗਿਆ ਸੀ, ਇਸੇ ਲਈ ਉਸ ਨੇ ਪੀਐਮ ਮੋਦੀ ਸਮੇਤ 40 ਸਟਾਰ ਪ੍ਰਚਾਰਕਾਂ ਦੀ ਫ਼ੌਜ ਚੋਣ ਪ੍ਰਚਾਰ ਲਈ ਉਤਾਰੀ, ਅਚਾਨਕ ਮੋਦੀ ਦੀਆਂ 3 ਹੋਰ ਵੀ ਵਧਾ ਦਿੱਤੀਆਂ ਗਈਆਂ ਸਨ।

ਆਖ਼ਰੀ ਦੌਰ ’ਤੇ ਭਾਜਪਾ ਨੇ ਚੋਣ ਪ੍ਰਚਾਰ ਦੀ ਹਨ੍ਹੇਰੀ ਲਿਆ ਦਿੱਤੀ ਸੀ ਪਰ ਜਦੋਂ ਵੀਰਵਾਰ ਨੂੰ ਨਤੀਜੇ ਆਏ ਤਾਂ 75 ਨੂੰ ਪਾਰ ਕਰਨਾ ਤਾਂ ਦੂਰ ਭਾਜਪਾ 40 ਸੀਟਾਂ ਦੇ ਨੇੜੇ ਵੀ ਮਸਾਂ ਪਹੁੰਚ ਸਕੀ। ਹਰਿਆਣੇ ਵਿਚ ਇਸ ਵਾਰ ਪੀਐਮ ਮੋਦੀ ਦਾ ਜਾਦੂ ਠੁੱਸ ਹੋ ਕੇ ਰਹਿ ਗਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੈਲੀ ਵਾਲੇ ਖੇਤਰਾਂ ਦਾਦਰੀ, ਐਲਨਾਬਾਦ, ਰੇਵਾੜੀ ਵਿਚੋਂ ਜ਼ਿਆਦਾਤਰ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਪਰ ਕਾਂਗਰਸ ਵਿਚ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਹੀ ਰਹੇ ਅਤੇ ਉਨ੍ਹਾਂ ਦੀਆਂ ਰੈਲੀਆਂ ਦਾ ਅਸਰ ਵੀ ਦੇਖਣ ਨੂੰ ਮਿਲਿਆ। ਰਾਹੁਲ ਗਾਂਧੀ ਨੇ ਨੂੰਹ ਅਤੇ ਮਹਿੰਦਰਗੜ੍ਹ ਵਿਚ ਦੋ ਵੱਡੀਆਂ ਰੈਲੀਆਂ ਕੀਤੀਆਂ ਅਤੇ ਦੋਵੇਂ ਜਗ੍ਹਾ ਤੋਂ ਕਾਂਗਰਸ ਜਿੱਤੀ ਜਦਕਿ ਇਨ੍ਹਾਂ ਰੈਲੀਆਂ ਦਾ ਪ੍ਰਭਾਵ ਆਸਪਾਸ ਦੀਆਂ ਸੀਟਾਂ ’ਤੇ ਵੀ ਦੇਖਣ ਨੂੰ ਮਿਲਿਆ। ਭਾਜਪਾ ਭਾਵੇਂ ਬਹੁਮਤ ਦਾ ਅੰਕੜਾ ਹਾਸਲ ਨਹੀਂ ਕਰ ਸਕੀ ਪਰ ਉਸ ਨੇ ਹਰਿਆਣਾ ਲੋਕ ਹਿੱਤ ਪਾਰਟੀ ਦੇ ਗੋਪਾਲ ਕਾਂਡਾ ਸਮੇਤ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ ਅਤੇ ਮਨੋਹਰ ਲਾਲ ਖੱਟੜ ਫਿਰ ਤੋਂ ਸਹੁੰ ਚੁੱਕਣ ਦੀ ਤਿਆਰੀ ਵਿਚ ਨੇ।

ਕਾਂਗਰਸ ਨੇ ਇਨ੍ਹਾਂ ਚੋਣਾਂ ਦੌਰਾਨ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ 31 ਸੀਟਾਂ ਜਿੱਤੀਆਂ ਉਥੇ ਹੀ ਦੁਸ਼ਯੰਤ ਚੌਟਾਲਾ ਦੀ ਜੇਜੇਪੀ ਦੀ ਝੋਲੀ ਵਿਚ 10 ਸੀਟਾਂ ਪਈਆਂ ਹਨ ਜਦਕਿ ਅਕਾਲੀ ਦਲ ਨੂੰ ਤਾਂ ਕੀ ਸੀਟ ਮਿਲਣੀ ਸੀ ਬਲਕਿ ਉਹ ਅਪਣੀ ਭਾਈਵਾਲ ਪਾਰਟੀ ਇਨੈਲੋ ਨੂੰ ਵੀ ਲੈ ਡੁੱਬਿਆ, ਜੋ ਮਹਿਜ਼ ਦੋ ਸੀਟਾਂ ’ਤੇ ਸਿਮਟ ਕੇ ਰਹਿ ਗਈ। ਸੋ ਹਰਿਆਣਾ ਵਿਚ ਫਿਰ ਤੋਂ ਭਾਵੇਂ ਭਾਜਪਾ ਦੀ ਸਰਕਾਰ ਬਣ ਰਹੀ ਐ ਪਰ ਬੇਅਸਰ ਹੋਏ ਮੋਦੀ ਦੇ ਜਾਦੂ ਨੇ ਸਮੁੱਚੀ ਭਾਜਪਾ ਨੂੰ ਚਿੰਤਾ ਵਿਚ ਪਾ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।