Israel Hamas War: ਇਜ਼ਰਾਈਲ ਨੇ ਭਾਰਤ ਨੂੰ ਕੀਤੀ ਅਪੀਲ, ਕਿਹਾ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨਿਆ ਜਾਵੇ
ਸੰਕੇਤ ਦਿਤਾ ਕਿ ਇਹ ਮਾਮਲਾ ਪਹਿਲਾਂ ਵੀ ਉਠਾਇਆ ਜਾ ਚੁੱਕਾ ਹੈ
Israel Hamas War: ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ (Israel Ambassador Naor Gilon) ਨੇ ਬੁਧਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਕਈ ਹੋਰ ਦੇਸ਼ਾਂ ਦੀ ਤਰ੍ਹਾਂ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨ ਕਰੇ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਇਜ਼ਰਾਈਲੀ ਰਾਜਦੂਤ ਨੇ ਹਮਾਸ ਵਿਰੁਧ ਅਤਿਵਾਦ ਵਿਰੋਧੀ ਕਾਰਵਾਈਆਂ (Israel Hamas War) ’ਚ ‘100 ਫ਼ੀ ਸਦੀ’ ਇਜ਼ਰਾਈਲ ਦਾ ਸਮਰਥਨ ਕਰਨ ਲਈ ਭਾਰਤ ਦਾ ਧੰਨਵਾਦ ਵੀ ਕੀਤਾ।
ਗਿਲਨ ਨੇ ਕਿਹਾ ਕਿ ਇਜ਼ਰਾਈਲ ਨੇ 7 ਅਕਤੂਬਰ ਨੂੰ ਹੋਏ ਵਹਿਸ਼ੀਆਨਾ ਹਮਲੇ ਤੋਂ ਬਾਅਦ ਸਬੰਧਤ ਭਾਰਤੀ ਅਧਿਕਾਰੀਆਂ ਨੂੰ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਸੰਕੇਤ ਦਿਤਾ ਕਿ ਇਹ ਮਾਮਲਾ ਪਹਿਲਾਂ ਵੀ ਉਠਾਇਆ ਜਾ ਚੁੱਕਾ ਹੈ।
ਗਿਲਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤਿਵਾਦੀ ਹਮਲੇ ਦੀ ਨਿੰਦਾ ਕਰਨ ਵਾਲੇ ਪਹਿਲੇ ਵਿਸ਼ਵ ਨੇਤਾਵਾਂ ’ਚੋਂ ਇਕ ਸਨ। ਭਾਰਤ ਦੁਨੀਆ ’ਚ ਇਕ ਬਹੁਤ ਮਹੱਤਵਪੂਰਨ ਨੈਤਿਕ ਪਛਾਣ ਵਾਲਾ ਦੇਸ਼ ਹੈ ਅਤੇ ਸਾਡੇ ਲਈ ਮਹੱਤਵਪੂਰਨ ਦੇਸ਼ ਸਾਡੇ ਨਾਲ ਹਨ।’’ ਉਨ੍ਹਾਂ ਕਿਹਾ, ‘‘ਇਹ ਸਮਾਂ ਆ ਗਿਆ ਹੈ ਕਿ ਭਾਰਤ ਹਮਾਸ ਨੂੰ ਅਤਿਵਾਦੀ ਸੰਗਠਨ ਘੋਸ਼ਿਤ ਕਰੇ।’’ ਗਿਲਨ ਨੇ ਕਿਹਾ ਕਿ ਕਈ ਦੇਸ਼ ਅਜਿਹਾ ਕਰ ਚੁੱਕੇ ਹਨ।
7 ਅਕਤੂਬਰ ਨੂੰ, ਗਾਜ਼ਾ ਤੋਂ ਹਮਾਸ ਦੇ ਕੱਟੜਪੰਥੀਆਂ ਨੇ ਇਜ਼ਰਾਈਲ ਵਿਰੁਧ ਇਕ ਬੇਮਿਸਾਲ ਅਤੇ ਬਹੁ-ਪੱਖੀ ਹਮਲਾ ਕੀਤਾ, ਜਿਸ ਤੋਂ ਬਾਅਦ ਸੰਘਰਸ਼ ਜਾਰੀ ਹੈ। ਇਜ਼ਰਾਈਲ ਨੇ ਵੀ ਬਦਲਾ ਲੈਣ ਦੇ ਇਰਾਦੇ ਨਾਲ ਗਾਜ਼ਾ ’ਤੇ ਜ਼ਬਰਦਸਤ ਜਵਾਬੀ ਹਮਲਾ ਕੀਤਾ ਹੈ। ਗਿਲਨ ਨੇ ਕਿਹਾ, ‘‘ਇਜ਼ਰਾਈਲ ਲਈ, ਇਹ ਪਛਮੀ ਏਸ਼ੀਆ ਵਿੱਚ ਬਚਾਅ ਦੀ ਜੰਗ ਹੈ।’’ ਉਨ੍ਹਾਂ ਕਿਹਾ ਕਿ ਇਜ਼ਰਾਈਲ ਹਮਾਸ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।