ਵੱਡੀ ਗਿਣਤੀ 'ਚ ਹਥਿਆਰਾਂ ਸਮੇਤ ਆਈਐਸਜੇਕੇ ਦੇ ਤਿੰਨ ਅਤਿਵਾਦੀ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਅਤਿਵਾਦੀ ਇਸਲਾਮਿਕ ਸਟੇਟ ਆਫ ਜੰਮੂ ਐਂਡ ਕਸ਼ਮੀਰ ਦੇ ਦੱਸੇ ਜਾ ਰਹੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਹਥਿਆਰ ਅਤੇ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ।

The three suspects

ਨਵੀਂ ਦਿੱਲੀ,  ( ਭਾਸ਼ਾ ) : ਦਿੱਲੀ ਵਿਚ ਤਿੰਨ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਹੈ। ਇਹ ਅਤਿਵਾਦੀ ਇਸਲਾਮਿਕ ਸਟੇਟ ਆਫ ਜੰਮੂ ਐਂਡ ਕਸ਼ਮੀਰ ਦੇ ਦੱਸੇ ਜਾ ਰਹੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਹਥਿਆਰ ਅਤੇ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲੱ ਨੇ ਜਿਨ੍ਹਾਂ ਤਿੰਨ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਦੇ ਨਾਮ ਤਾਹਿਰ ਅਲੀ ਖਾਨ, ਹਰੀਸ ਮੁਸਤਾਖ਼ ਖਾਨ ਅਤੇ ਆਸਿਫ ਸੁਹੈਲ ਨਦਫ਼ ਹਨ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਦੋ ਅਤਿਵਾਦੀਆਂ ਦੇ ਦਿੱਲੀ ਵਿਖੇ ਦਾਖਲ ਹੋਣ ਦੀ ਖ਼ਬਰ ਦਿਤੀ ਸੀ।

ਨਾਲ ਹੀ ਪੁਲਿਸ ਨੇ ਇਨ੍ਹਾਂ ਅਤਿਵਾਦੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ। ਹਾਲਾਂਕਿ ਅਜੇ ਇਹ ਸਾਫ ਨਹੀਂ ਹੋਇਆ ਹੈ ਕਿ ਜਿਨ੍ਹਾਂ ਅਤਿਵਾਦੀਆਂ ਦੀ ਤਲਾਸ਼ ਪੁਲਿਸ ਕਰ ਰਹੀ ਸੀ, ਕੀ ਇਹ ਉਹੀ ਅਤਿਵਾਦੀ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਦਿੱਲੀ ਵਿਚ ਵੱਡਾ ਅਤਿਵਾਦੀ ਹਮਲਾ ਕਰਨ ਲਈ ਆਏ ਸਨ। ਅਲਰਟ ਤੋਂ ਬਾਅਦ ਪੁਲਿਸ ਗੈਸਟ ਹਾਊਸ, ਹੋਟਲਾਂ ਸਮੇਤ ਹੋਰਨਾਂ ਥਾਵਾਂ ਤੇ ਸ਼ੱਕੀਆਂ ਨੂੰ ਲੱਭ ਰਹੀ ਸੀ। ਪੁਲਿਸ ਦੀ ਨਜ਼ਰ 'ਚ ਦਿੱਲੀ ਦੇ ਅਜਿਹੇ ਕਈ ਇਲਾਕੇ ਸਨ ਜਿਥੇ ਆਮ ਤੌਰ 'ਤੇ ਵਿਦੇਸ਼ੀ ਆਉਂਦੇ ਅਤੇ ਜਾਂਦੇ ਰਹਿੰਦੇ ਹਨ।

ਦਿੱਲੀ ਪੁਲਿਸ ਵੱਲੋਂ ਅਤਿਵਾਦੀਆਂ ਦੀਆਂ ਤਸਵੀਰਾਂ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਇਹ ਦੋਵੇਂ ਸ਼ਹਿਰ ਵਿਚ ਦੇਖੇ ਜਾਂਦੇ ਹਨ ਤਾਂ ਇਸ ਦੀ ਸੂਚਨਾ ਤੁਰਤ ਥਾਣੇ ਵਿਚ ਦਿਤੀ ਜਾਵੇ। ਤਸਵੀਰਾਂ ਵਿਚ ਦੋ ਸ਼ੱਕੀ ਅਤਿਵਾਦੀ ਮਾਈਲਸਟੋਨ ਦੇ ਕੋਲ ਖੜੇ ਨਜ਼ਰ ਆ ਰਹੇ ਹਨ ਜਿਸ 'ਤੇ ਦਿੱਲੀ 360 ਕਿਲੋਮੀਟਰ ਲਿਖਿਆ ਹੋਇਆ ਹੈ। ਫਿਰੋਜ਼ਪੁਰ 9 ਕਿਲੋਮੀਟਰ ਦੂਰ ਵੀ ਲਿਖਿਆ ਹੋਇਆ ਹੈ।

ਇਹ ਸੂਚਨਾ ਉਸ ਵੇਲੇ ਜਾਰੀ ਹੋਈ ਜਦੋਂ ਜੈਸ਼ ਦੇ 7 ਅਤਿਵਾਦੀਆਂ ਦੇ ਰਾਜਧਾਨੀ ਵਿਚ ਹੋਣ ਦੇ ਖ਼ਤਰੇ ਨੂੰ ਲੈ ਕੇ ਸੁਰੱਖਿਆ ਬਲ ਹਾਈ ਅਲਰਟ ਤੇ ਸਨ। ਦਿੱਲੀ ਪੁਲਿਸ ਨੂੰ ਕਿਹਾ ਗਿਆ ਸੀ ਕਿ ਕਸ਼ਮੀਰ ਦਾ ਖ਼ਤਰਨਾਕ ਅਤਿਵਾਦੀ ਜ਼ਾਕਿਰ ਮੂਸਾ ਅਪਣੇ ਸਾਥੀਆਂ ਨਾਲ ਪੰਜਾਬ ਦੇ ਰਸਤੇ ਦਿੱਲੀ ਜਾਂ ਐਨਸੀਆਰ ਵਿਚ ਦਾਖਲ ਹੋ ਸਕਦਾ ਹੈ।