ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਤੱਕ ਬਣੇਗਾ ਸਾਈਕਲ ਟਰੈਕ: 9.68 ਕਰੋੜ ਦੇ ਫੰਡ ਨੂੰ ਮਨਜ਼ੂਰੀ
ਦਰਅਸਲ ਸਲਾਹਕਾਰ ਧਰਮਪਾਲ ਨੇ ਬੁੱਧਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਚੰਡੀਗੜ੍ਹ-ਜ਼ੀਰਕਪੁਰ ਸਰਹੱਦ ਦਾ ਦੌਰਾ ਕੀਤਾ।
ਚੰਡੀਗੜ੍ਹ: ਸਿਟੀ ਬਿਊਟੀਫੁੱਲ ਦੇ ਲੋਕ ਹੁਣ ਅੰਦਰੂਨੀ ਸੈਕਟਰਾਂ ਤੋਂ ਸ਼ਹਿਰ ਦੀ ਹੱਦ ਤੱਕ ਸਾਈਕਲ ਚਲਾ ਸਕਣਗੇ ਕਿਉਂਕਿ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਤੱਕ ਚੰਡੀਗੜ੍ਹ ਇੰਜੀਨੀਅਰਿੰਗ ਵਿਭਾਗ ਨੂੰ ਸਾਈਕਲ ਟਰੈਕ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਹਨਾਂ ਨੇ ਇਸ ਕੰਮ ਲਈ 9.68 ਕਰੋੜ ਦਾ ਫੰਡ ਵੀ ਮਨਜ਼ੂਰ ਕੀਤਾ ਹੈ।
ਦਰਅਸਲ ਸਲਾਹਕਾਰ ਧਰਮਪਾਲ ਨੇ ਬੁੱਧਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਚੰਡੀਗੜ੍ਹ-ਜ਼ੀਰਕਪੁਰ ਸਰਹੱਦ ਦਾ ਦੌਰਾ ਕੀਤਾ। ਉਹਨਾਂ ਨੇ ਇੰਜਨੀਅਰਿੰਗ ਵਿਭਾਗ ਵੱਲੋਂ ਬਣਾਏ ਜਾ ਰਹੇ ਬਦਲਵੇਂ ਰੂਟ ਦੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਦੋ ਮਹੀਨਿਆਂ ਵਿਚ ਮੁਕੰਮਲ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਸਰਹੱਦ ਤੱਕ ਸਾਈਕਲ ਟਰੈਕ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ 9.68 ਕਰੋੜ ਰੁਪਏ ਦੇ ਫੰਡ ਮਨਜ਼ੂਰ ਕੀਤੇ ਗਏ।
ਜ਼ੀਰਕਪੁਰ ਦੇ ਟ੍ਰੈਫਿਕ ਜਾਮ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਥੋੜ੍ਹੇ ਸਮੇਂ ਦੀ ਯੋਜਨਾ ਤਿਆਰ ਕੀਤੀ ਹੈ। ਯੋਜਨਾ ਅਨੁਸਾਰ ਏਅਰਪੋਰਟ ਲਾਈਟ ਪੁਆਇੰਟ ਤੋਂ ਜ਼ੀਰਕਪੁਰ ਵੱਲ ਜਾਣ ਵਾਲੀ ਸਲਿਪ ਰੋਡ ਚੰਡੀਗੜ੍ਹ ਬਾਰਡਰ ਦੀ ਮੁੱਖ ਸੜਕ ਨਾਲ ਰਲਣ ਦੀ ਬਜਾਏ ਸਿੱਧੀ ਜ਼ੀਰਕਪੁਰ ਰੋਡ ਨਾਲ ਜੁੜ ਜਾਵੇਗੀ। ਸਲਿੱਪ ਰੋਡ ਤੋਂ ਮੁੱਖ ਸੜਕ ਤੱਕ ਉਤਰਨ ਸਮੇਂ ਵੀ ਜਾਮ ਲੱਗ ਜਾਂਦਾ ਹੈ, ਇਸ ਸਮੱਸਿਆ ਦੇ ਹੱਲ ਲਈ ਪਿਛਲੇ ਇੱਕ ਮਹੀਨੇ ਤੋਂ ਇਸ ਯੋਜਨਾ 'ਤੇ ਕੰਮ ਚੱਲ ਰਿਹਾ ਹੈ।