ਖਸਰੇ ਦਾ ਕਹਿਰ : ਬੱਚਿਆਂ ਨੂੰ ਖ਼ਸਰਾ ਤੇ ਰੂਬੇਲਾ ਦੇ ਟੀਕੇ ਦੀ ਵਾਧੂ ਖ਼ੁਰਾਕ ਦੇਣ ’ਤੇ ਕਰੋ ਵਿਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕਿਹਾ

Measles outbreak: Consider giving extra doses of measles and rubella vaccine to children

ਨਵੀਂ ਦਿੱਲੀ  : ਖ਼ਸਰੇ ਦੇ ਵਧਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸੰਵੇਦਨਸ਼ੀਲ ਇਲਾਕਿਆਂ ’ਚ ਰਹਿ ਰਹੇ 9 ਮਹੀਨੇ ਤੋਂ 5 ਸਾਲ ਤਕ ਦੇ ਸਾਰੇ ਬੱਚਿਆਂ ਨੂੰ ਖ਼ਸਰਾ ਅਤੇ ਰੂਬੇਲਾ ਦੇ ਟੀਕਿਆਂ ਦੀ ਵਾਧੂ ਖ਼ੁਰਾਕ ਦੇਣ ’ਤੇ ਵਿਚਾਰ ਕਰਨ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਬਿਹਾਰ, ਗੁਜਰਾਤ, ਹਰਿਆਣਾ, ਝਾਰਖੰਡ, ਕੇਰਲ ਅਤੇ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਤੋਂ ਖ਼ਸਰੇ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਮਹਾਰਾਸ਼ਟਰ ਦੇ ਮੁੰਬਈ ’ਚ ਖ਼ਸਰੇ ਦੇ 13 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਖੇਤਰ ’ਚ ਸਾਲ 2022 ’ਚ ਇਸ ਤੋਂ ਪੀੜਤ ਹੋਏ ਲੋਕਾਂ ਦੀ ਗਿਣਤੀ ਵੱਧ ਕੇ 233 ਹੋ ਗਈ। ਉਥੇ ਹੀ ਇਕ ਹੋਰ ਵਿਅਕਤੀ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 12 ’ਤੇ ਪਹੁੰਚ ਗਈ। ਮਹਾਰਾਸ਼ਟਰ ਦੇ ਪ੍ਰਧਾਨ ਸਿਹਤ ਸਕੱਤਰ ਨੂੰ ਲਿਖੀ ਚਿੱਠੀ ’ਚ ਸਿਹਤ ਮੰਤਰਾਲਾ ਨੇ ਕਿਹਾ ਕਿ ਮਾਮਲਿਆਂ ’ਚ ਵਾਧਾ ਜਨ ਸਿਹਤ ਦੀ ਨਜ਼ਰ ਤੋਂ ਚਿੰਤਾਜਨਕ ਹੈ।

ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਪੀ. ਅਸ਼ੋਕ ਬਾਬੂ ਨੇ ਕਿਹਾ ਕਿ,‘‘ਇਹ ਵੀ ਸਪੱਸ਼ਟ ਹੈ ਕਿ ਅਜਿਹੇ ਸਾਰੇ ਭੂਗੋਲਿਕ ਖੇਤਰਾਂ ’ਚ ਪ੍ਰਭਾਵਤ ਬੱਚਿਆਂ ਨੂੰ ਟੀਕਾ ਨਹੀਂ ਲੱਗਾ ਹੁੰਦਾ ਹੈ ਅਤੇ ਪਾਤਰ ਲਾਭਪਾਤਰੀਆਂ ਵਿਚਾਲੇ ਖ਼ਸਰਾ ਅਤੇ ਰੂਬੇਲਾ ਦੇ ਟੀਕੇ ਲਾਏ ਜਾਣ ਦਾ ਔਸਤ ਵੀ ਰਾਸ਼ਟਰੀ ਔਸਤ ਤੋਂ ਘੱਟ ਹੁੰਦਾ ਹੈ।’’ ਉਨ੍ਹਾਂ ਨੇ ਕਿਹਾ ਕਿ,‘‘ਇਸ ਸਬੰਧ ’ਚ ਨੀਤੀ ਕਮਿਸ਼ਨ ਦੇ ਇਕ ਮੈਂਬਰ (ਸਿਹਤ) ਦੀ ਪ੍ਰਧਾਨਗੀ ’ਚ ਮਾਹਰਾਂ ਨਾਲ ਬੁਧਵਾਰ ਨੂੰ ਇਕ ਬੈਠਕ ਕੀਤੀ।’’

ਬੈਠਕ ਤੋਂ ਮਿਲੀ ਜਾਣਕਾਰੀਆਂ ਦੇ ਆਧਾਰ ’ਤੇ ਕੇਂਦਰ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੰਵੇਦਨਸ਼ੀਲ ਇਲਾਕਿਆਂ ’ਚ 9 ਮਹੀਨੇ ਤੋਂ 5 ਸਾਲ ਦੇ ਸਾਰੇ ਬੱਚਿਆਂ ਨੂੰ ਟੀਕੇ ਦੀ ਵਾਧੂ ਖ਼ੁਰਾਕ ਦੇਣ ’ਤੇ ਵਿਚਾਰ ਕਰਨ ਦੀ ਸਲਾਹ ਦਿਤੀ ਜਾਂਦੀ ਹੈ। ਸਰਕਾਰ ਨੇ ਕਿਹਾ ਕਿ,‘‘ਇਹ ਖ਼ੁਰਾਕ 9 ਤੋਂ 12 ਮਹੀਨੇ ਦਰਮਿਆਨ ਦਿਤੀ ਜਾਣ ਵਾਲੀ ਪਹਿਲੀ ਖ਼ੁਰਾਕ ਅਤੇ 16 ਤੋਂ 24 ਮਹੀਨੇ ਦਰਮਿਆਨ ਦਿਤੀ ਜਾਣ ਵਾਲੀ ਦੂਜੀ ਖ਼ੁਰਾਕ ਹੋਵੇਗੀ। ਸੂਬਾ ਸਰਕਾਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਪ੍ਰਸ਼ਾਸਨ ਸੰਵੇਦਨਸ਼ੀਲ ਇਲਾਕਿਆਂ ਦੀ ਪਛਾਣ ਕਰੇਗਾ।’’