ਲੜਕੀਆਂ ਦੇ ਪੀਜੀ 'ਚ ਲਗਾਇਆ ਸੀ ਖੁਫੀਆ ਕੈਮਰਾ, ਮਕਾਨ ਮਾਲਕ ਗ੍ਰਿਫਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਦਿਨ ਮਕਾਨ ਮਾਲਿਕ ਨਾਲ ਗੱਲਬਾਤ ਦੌਰਾਨ ਲੜਕੀਆਂ ਨੂੰ ਸ਼ੱਕ ਹੋਇਆ ਕਿ ਉਹ ਉਹਨਾਂ ਦੀਆਂ ਉਹ ਗੱਲਾਂ ਨੂੰ ਜਾਣਦਾ ਹੈ ਜਿਹੜੀਆਂ ਉਹਨਾਂ ਨੇ ਅਪਣੇ ਕਮਰੇ ਵਿਚ ਕੀਤੀਆਂ ਸਨ।

Arrested accused

ਮੁੰਬਈ, ( ਭਾਸ਼ਾ ) : ਦੱਖਣੀ ਮੁੰਬਈ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਪੇਇੰਗ ਗੈਸਟ ਦੇ ਤੌਰ 'ਤੇ ਰਹਿ ਰਹੀਆਂ ਲੜਕੀਆਂ ਨੂੰ ਸਾਵਧਾਨ ਹੋ ਜਾਣ ਦੀ ਲੋੜ ਹੈ। ਇਥੇ 47 ਸਾਲਾਂ ਮਕਾਨ ਮਾਲਕ ਨੂੰ ਅਪਣੇ ਘਰ ਪੇਇੰਗ ਗੈਸਟ ਦੇ ਤੌਰ 'ਤੇ ਰਹਿ ਰਹੀਆਂ ਤਿੰਨ ਲੜਕੀਆਂ ਦੇ ਕਮਰੇ ਵਿਚ ਖੁਫੀਆ ਕੈਮਰੇ ਲਗਾਉਣ ਦੇ ਦੋਸ਼ ਵਿਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਡੀਬੀ ਮਾਰਗ ਪੁਲਿਸ ਨੇ ਦੋਸ਼ੀ 'ਤੇ ਆਈਟੀ ਐਕਟ ਅਤੇ ਮਹਿਲਾ ਦੀ ਨਿਜਤਾ ਨੂੰ ਦਰਸਾਏ ਜਾਣ ਸਬੰਧੀ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੇ ਉਸ ਕੋਲੋਂ ਖੁਫੀਆ ਕੈਮਰਾ ਬਰਾਮਦ ਕਰ ਲਿਆ ਹੈ। ਜਿਸ ਨੂੰ ਦੋਸ਼ੀ ਨੇ ਅਪਣੇ ਮੋਬਾਈਲ ਨਾਲ ਜੋੜਿਆ ਹੋਇਆ ਸੀ। ਜਾਣਕਾਰੀ ਮੁਤਾਬਕ ਦੋਸ਼ੀ ਮਕਾਨ ਮਾਲਿਕ ਚਾਰ ਕਮਰਿਆਂ ਦੇ ਫਲੈਟ ਵਿਚ ਅਪਣੇ ਬਜ਼ੁਰਗ ਮਾਤਾ-ਪਿਤਾ ਨਾਲ ਰਹਿੰਦਾ ਹੈ। ਉਸ ਦਾ ਵਿਆਹ ਨਹੀਂ ਹੋਇਆ ਹੈ। ਇਕ ਕਮਰਾ ਉਸ ਨੇ ਤਿੰਨ ਲੜਕੀਆਂ ਨੂੰ ਕਿਰਾਏ ਤੇ ਰਹਿਣ ਲਈ ਦਿਤਾ ਹੋਇਆ ਸੀ। ਇਕ ਦਿਨ ਮਕਾਨ ਮਾਲਿਕ ਨਾਲ ਗੱਲਬਾਤ ਦੌਰਾਨ ਲੜਕੀਆਂ ਨੂੰ ਸ਼ੱਕ ਹੋਇਆ ਕਿ ਉਹ ਉਹਨਾਂ ਦੀਆਂ ਉਹ ਗੱਲਾਂ ਨੂੰ ਜਾਣਦਾ ਹੈ ਜਿਹੜੀਆਂ ਉਹਨਾਂ ਨੇ ਅਪਣੇ ਕਮਰੇ ਵਿਚ ਕੀਤੀਆਂ ਸਨ।

ਲੜਕੀਆਂ ਨੂੰ ਸ਼ੱਕ ਹੋਇਆ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਉਹ ਸਾਡੀਆਂ ਗੱਲਾਂ ਨੂੰ ਰਿਕਾਰਡ ਕਰ ਰਿਹਾ ਹੋਵੇ। ਛਾਣਬੀਣ ਦੌਰਾਨ ਇਕ ਲੜਕੀ ਨੂੰ ਕਮਰੇ ਵਿਚ ਇਲੈਕਟ੍ਰਾਨਿਕ ਅਡਾਪਟਰ ਲਗਾ ਹੋਇਆ ਮਿਲਿਆ। ਸ਼ੱਕ ਜ਼ਾਹਰ ਹੁੰਦੇ ਹੀ ਉਸ ਨੇ ਇਸ ਨੂੰ ਕਪੜੇ ਨਾਲ ਢੱਕ ਦਿਤਾ। ਇਸ ਤੋਂ ਤੁਰਤ ਬਾਅਦ ਦੋਸ਼ੀ ਉਹਨਾਂ ਦੇ ਕਮਰੇ ਵਿਚ ਆਇਆ ਅਤੇ ਇਸ ਸਬੰਧੀ ਸਵਾਲ ਕਰਨ ਲਗਾ। ਉਸ ਨੇ ਲੜਕੀਆਂ ਨੂੰ ਕਿਹਾ ਕਿ ਇਹ ਅਡਾਪਟਰ ਅਸਲ ਵਿਚ ਉਸ ਦੇ ਟੀਵੀ ਦਾ ਐਂਟੀਨਾ ਬੂਸਟਰ ਹੈ। ਇਸ 'ਤੇ ਲੜਕੀਆਂ ਨੇ ਅਡਾਪਟਰ ਦੀ ਫੋਟੋ ਖਿੱਚ ਕੇ ਇੰਟਰਨੈਟ 'ਤੇ ਖੋਜ ਕੀਤੀ ਤਾਂ ਪਤਾ ਲਗਾ

ਕਿ ਇਹ ਆਨਲਾਈਨ ਵਿਕਣ ਵਾਲਾ ਇਕ ਖੁਫੀਆ ਕੈਮਰਾ ਸੀ। ਉਹਨਾਂ ਨੇ ਤੁਰਤ ਇਸ ਬਾਰੇ ਪੁਲਿਸ ਨੂੰ ਸੂਚਨਾ ਦਿਤੀ ਅਤੇ ਮਾਮਲਾ ਦਰਜ ਕਰਵਾਇਆ। ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਦੋਸ਼ੀ ਮਕਾਨ ਮਾਲਕ ਨੇ ਇਹਨਾਂ ਲੜਕੀਆਂ ਦੇ ਵੀਡੀਓ ਕਿਸੇ ਹੋਰ ਨਾਲ ਤਾਂ ਸਾਂਝੇ ਨਹੀਂ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੈਮਰੇ ਵਿਚ ਜੋ ਫੁਟੇਜ਼ ਮਿਲੇ ਹਨ, ਉਹ ਲਗਭਗ ਡੇਢ ਸਾਲ ਪੁਰਾਣੇ ਹਨ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਲੜਕੀਆਂ ਦੀ ਪਛਾਣ ਜਨਤਕ ਨਾ ਹੋਵੇ।