'ਭਾਰਤ ਸਰਕਾਰ ਨੇ ਤੁਰਤ ਕਦਮ ਨਾ ਚੁਕਿਆ ਤਾਂ ਮੁਸਲਿਮ ਮੁਲਕਾਂ 'ਚੋਂ ਘੱਟ ਗਿਣਤੀਆਂ ਖਤਮ ਹੋ ਜਾਣਗੀਆਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ. ਸਿਰਸਾ ਨੇ ਕਿਹਾ ਕਿ  ਇਸ ਲੜਕੀ ਨੂੰ ਬੀਤੇ ਦਿਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਉਸ ਨੇ ਰੋ-ਰੋ ਕੇ ਉਸ ਨੂੰ ਆਪਣੇ ਮਾਪਿਆਂ ਨਾਲ ਭੇਜਣ ਦੇ ਤਰਲੇ ਪਾਏ ਪਰ ਜੱਜ ਨੇ...

File Photo

ਨਵੀਂ ਦਿੱਲੀ : ਪਾਕਿਸਤਾਨ ਦੇ ਸਿੰਧ ਸੂਬੇ ਦੇ ਜਕੋਬਾਬਾਦ ਵਿਚ ਨਾਬਾਲਗ ਲੜਕੀ ਮਹਿਕ ਕੁਮਾਰੀ ਪੁੱਤਰੀ ਵਿਜੇ ਕੁਮਾਰ ਨੂੰ ਅਗਵਾ ਕਰਨਾ, ਉਸ ਦਾ ਧਰਮ ਪਰਿਵਰਤਨ ਕਰਨ ਤੇ ਫਿਰ ਉਸ ਨਾਲ ਬਲਾਤਾਕਾਰ ਕਰਨ ਵਿਰੁਧ ਰੋਸ ਵਜੋਂ ਬਹੁਗਿਣਤੀ ਵਿਚ ਹਿੰਦੂ ਤੇ ਸਿੱਖਾਂ ਨੇ ਬੀਤੇ ਦਿਨੀਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ।

ਇਹ ਪ੍ਰਗਟਾਵਾ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਰਦਿਆਂ ਦਸਿਆ ਕਿ ਰਜ਼ਾ ਅਲੀ ਨਾਂ ਦੇ ਵਿਅਕਤੀ ਵਲੋਂ ਅਗਵਾ ਕਰਨ ਤੋਂ ਬਾਅਦ ਉਸ ਦਾ ਧਰਮ ਪਰਿਵਰਤਨ ਕਰ ਕੇ ਇਸਲਾਮ ਧਾਰਨ ਕਰਵਾਇਆ ਗਿਆ ਤੇ ਫਿਰ ਉਸ ਦਾ 28 ਸਾਲਾਂ ਦੇ ਰਜ਼ਾ ਅਲੀ ਨਾਲ ਨਿਕਾਹ ਕਰਵਾ ਦਿਤਾ ਗਿਆ ਜਿਸ ਦੇ ਪਹਿਲਾਂ ਹੀ ਦੋ ਵਿਆਹ ਹਨ ਤੇ ਚਾਰ ਬੱਚਿਆਂ ਦਾ ਬਾਪ ਹੈ, ਨੇ ਨੌਵੀਂ ਕਲਾਸ ਦੀ ਵਿਦਿਆਰਥਣ ਨਾਲ ਬਲਾਤਾਕਾਰ ਕੀਤਾ ਤੇ ਇਸ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿਤੀ।

ਸ. ਸਿਰਸਾ ਨੇ ਕਿਹਾ ਕਿ  ਇਸ ਲੜਕੀ ਨੂੰ ਬੀਤੇ ਦਿਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਉਸ ਨੇ ਰੋ-ਰੋ ਕੇ ਉਸ ਨੂੰ ਆਪਣੇ ਮਾਪਿਆਂ ਨਾਲ ਭੇਜਣ ਦੇ ਤਰਲੇ ਪਾਏ ਪਰ ਜੱਜ ਨੇ ਕਾਨੂੰਨ ਦਾ ਹਵਾਲਾ ਦਿੰਦਿਆਂ ਉਸ ਨੂੰ ਅਗਵਾਕਾਰਾਂ ਨਾਲ ਭੇਜ ਦਿਤਾ। ਸ. ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮਾਮਲੇ 'ਤੇ ਇਕ ਵੀ ਸ਼ਬਦ ਨਹੀਂ ਬੋਲਿਆ ਜਦਕਿ ਉਹ ਭਾਰਤ ਵਿਚ ਘੱਟ ਗਿਣਤੀਆਂ ਨਾਲ ਅਨਿਆਂ ਦਾ ਰੌਲਾ ਹਰ ਸਮੇਂ ਪਾਉਂਦੇ ਰਹਿੰਦੇ ਹਨ।

ਉਨਾਂ ਕਿਹਾ ਕਿ ਅੱਜ ਸੈਂਕੜੇ ਹਿੰਦੂ ਤੇ ਸਿੱਖਾਂ ਨੇ ਜੱਜ ਵਲੋਂ ਲੜਕੀ ਅਗਵਾਕਾਰਾਂ ਦੇ ਹਵਾਲੇ ਕਰਨ ਦੇ ਫ਼ੈਸਲੇ ਵਿਰੁਧ ਰੋਸ ਪ੍ਰਗਟਾਉਦਿਆਂ ਅਦਾਲਤ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਤੇ ਭਾਰਤੀ ਲੋਕ ਉਨ੍ਹਾਂ ਦੇ ਨਾਲ ਹਨ ਤੇ ਸੁਰੱਖਿਆ ਵਾਸਤੇ ਜੋ ਵੀ ਮਦਦ ਕਰਨੀ ਪਈ, ਕਰਨ ਤੋਂ ਪਿੱਛੇ ਨਹੀਂ ਹੱਟਣਗੇ।

ਸ. ਸਿਰਸਾ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਮਾਮਲਾ ਤਰਜੀਹ ਆਧਾਰ 'ਤੇ ਪਾਕਿਸਤਾਨ ਸਰਕਾਰ ਕੋਲ ਉਠਾਵੇ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਨੇ ਤੁਰੰਤ ਕਦਮ ਨਾ ਚੁੱਕਿਆ ਤਾਂ ਫਿਰ ਮੁਸਲਿਮ ਬਹੁ ਗਿਣਤੀ ਵਾਲੇ ਮੁਲਕ 'ਚੋਂ ਘੱਟ ਗਿਣਤੀਆਂ ਮੁਕੰਮਲ ਤੌਰ 'ਤੇ ਖਤਮ ਹੋ ਜਾਣਗੀਆਂ।