ਘੋੜਿਆਂ ‘ਤੇ ਸਵਾਰ ਹੋ ਕੇ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਨੇ ਵੀ ਕੀਤਾ ਦਿੱਲੀ ਵੱਲ ਕੂਚ
ਜੈਕਾਰਿਆਂ ਦੀ ਗੂੰਜ ਨਾਲ ਟਰੈਕਟਰ ਪਰੇਡ 'ਚ ਪਹੁੰਚੀਆਂ ਦੀਆਂ ਲਾਡਲੀਆਂ ਫੌਜਾਂ
ਨਵੀਂ ਦਿੱਲੀ: ਕਿਸਾਨਾਂ ਦੀ ਇਤਿਹਾਸਕ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਦੇ ਕਾਫਲੇ ਸਾਰੀਆਂ ਰੋਕਾਂ ਨੂੰ ਤੋੜਦਿਆਂ ਲਗਾਤਾਰ ਅੱਗੇ ਵਧ ਰਹੇ ਹਨ। ਇਸ ਦੌਰਾਨ ਕਿਸਾਨਾਂ ਦਾ ਸਾਥ ਦੇਣ ਲਈ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਨੇ ਵੀ ਦਿੱਲੀ ਵੱਲ ਕੂਚ ਕੀਤਾ।
ਜੈਕਾਰਿਆਂ ਦੀ ਗੂੰਜ ਨਾਲ ਜਾ ਰਹੇ ਨਿਹੰਗ ਸਿੰਘਾਂ ਦਾ ਜੋਸ਼ ਟਰੈਕਟਰ ਪਰੇਡ ਵਿਚ ਮੌਜੂਦ ਕਿਸਾਨਾਂ ਨੂੰ ਹੋਰ ਹੱਲਾਸ਼ੇਰੀ ਦੇ ਰਿਹਾ ਹੈ। ਟਰੈਕਟਰ ਪਰੇਡ ਵਿਚ ਨਿਹੰਗ ਸਿੰਘਾਂ ਦੀ ਸ਼ਮੂਲੀਅਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ।
ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਕੀਤੀ ਬੈਰੀਕੇਡਿੰਗ ਤੋੜਨ ਲਈ ਵੀ ਨਿਹੰਗ ਸਿੰਘ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਹਨ। ਇਸ ਦੇ ਨਾਲ ਹੀ ਦੱਸਣਯੋਗ ਹੈ ਕਿ ਕਿਸਾਨਾਂ ਦੀ ਇਤਿਹਾਸਕ ਟਰੈਕਟਰ ਪਰੇਡ ਮੌਕੇ ਕਿਸਾਨ ਭਾਈਚਾਰੇ ਨੂੰ ਵੱਖ-ਵੱਖ ਸਮੂਹਾਂ ਦਾ ਸਮਰਥਨ ਮਿਲ ਰਿਹਾ ਹੈ।
ਇਸ ਦੌਰਾਨ ਦਿੱਲੀ ਵਾਸੀਆਂ ਨੇ ਟਿਕਰੀ ਬਾਰਡਰ ਤੋਂ ਆ ਰਹੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਦੱਸ ਦਈਏ ਕਿਸਾਨੀ ਮੋਰਚੇ ਦੌਰਾਨ ਨਿਹੰਗ ਸਿੰਘ ਲਗਾਤਾਰ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਹਨ। ਕਿਸਾਨ ਭਰਾਵਾਂ ਦੇ ਹੱਕ ਵਿਚ ਨਿਹੰਗ ਸਿੰਘ ਦਿਨ ਰਾਤ ਦਿੱਲੀ ਦੀਆਂ ਬਰੂਹਾਂ ‘ਤੇ ਪਹਿਰਾ ਦੇ ਰਹੇ ਹਨ।