ਸਾਂਝੀਵਾਲਤਾ ਦੀ ਮਿਸਾਲ : ਇਕ ਵਾਰ ਫਿਰ ਦੰਗਾ ਪੀੜਤਾਂ ਲਈ ਸਹਾਰਾ ਬਣੇ ਦਿੱਲੀ ਦੇ ਗੁਰਧਾਮ!

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿੰਸਕ ਭੀੜਾਂ ਦੇ ਸਤਾਇਆ ਨੂੰ ਮਿਲੀ ਪਨਾਹ

file photo

ਨਵੀਂ ਦਿੱਲੀ : ਦਿੱਲੀ ਵਿਖੇ ਵਾਪਰੀਆਂ ਤਾਜ਼ਾ ਹਿੰਸਕ ਘਟਨਾਵਾਂ ਨੇ ਇਤਿਹਾਸ ਨੂੰ ਇਕ ਵਾਰ ਫਿਰ ਪੁੱਠਾ ਗੇੜਾ ਦੇ ਦਿਤਾ ਹੈ। ਅੱਜ ਤੋਂ 36 ਸਾਲ ਪਹਿਲਾਂ ਵੀ ਹਿੰਸਕ ਭੀੜਾਂ ਤੋਂ ਜਾਨ ਲੁਕੋਦੀ ਮਨੁੱਖਤਾ ਨੇ ਗੁਰਧਾਮਾਂ ਦੀਆਂ ਚਾਰਦੀਵਾਰੀਆਂ ਅੰਦਰ ਖੁਦ ਨੂੰ ਮਹਿਫੂਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਪੌਣੇ ਚਾਰ ਦਹਾਕੇ ਬਾਅਦ ਇਕ ਵਾਰ ਫਿਰ ਉਹੀ ਮੰਜ਼ਰ ਦਿੱਲੀ ਦੀਆਂ ਸੜਕਾਂ ਅਤੇ ਗੁਰਧਾਮਾਂ ਅੰਦਰ ਵੇਖਿਆ ਗਿਆ।

ਫ਼ਰਕ ਸਿਰਫ਼ ਏਨਾ ਹੀ ਸੀ ਕਿ ਉਸ ਸਮੇਂ ਹਿੰਸਕ ਭੀੜਾਂ ਇਨ੍ਹਾਂ ਗੁਰਧਾਮਾਂ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਸੰਭਾਲੀ ਬੈਠੇ ਸਿੱਖ ਭਾਈਚਾਰੇ ਦੇ ਖ਼ੂਨ ਦੀਆਂ ਪਿਆਸੀਆਂ ਸਨ ਜਦਕਿ ਅੱਜ ਸਥਿਤੀ ਭਾਵੇਂ ਕੁੱਝ ਕੁ ਵੱਖਰੀ ਸੀ, ਪਰ ਅਪਣੀ ਮਨੁੱਖੀ ਬਿਰਤੀ ਨੂੰ ਤਿਲਾਂਜ਼ਲੀ ਦੇ ਚੁੱਕੀਆਂ ਭੀੜਾਂ ਦਾ ਮਕਸਦ ਅੱਜ ਵੀ ਉਸ ਸਮੇਂ ਵਾਲਾ ਹੀ ਸੀ।

ਤਾਜ਼ਾ ਘਟਨਾਕ੍ਰਮ ਤਹਿਤ ਐਤਵਾਰ ਨੂੰ ਉੱਤਰ ਪੂਰਬੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵੱਡੇ ਪੱਧਰ 'ਤੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਦੌਰਾਨ ਹਿੰਸਕ ਭੀੜਾਂ ਸਾਹਮਣੇ ਜੋ ਵੀ ਆਇਆ, ਉਨ੍ਹਾਂ ਦਾ ਸ਼ਿਕਾਰ ਬਣਦਾ ਗਿਆ। ਦਿੱਲੀ ਦੇ ਚਾਂਦ ਬਾਗ, ਭਜਨਪੁਰਾ, ਗੋਕੁਲਪੁਰੀ, ਮੌਜਪੁਰ, ਕਰਦਮਪੁਰੀ ਅਤੇ ਜ਼ਾਫਰਾਬਾਦ ਵਿਖੇ ਇਸ ਕਾ ਖ਼ਾਸਾ ਜ਼ਿਆਦਾ ਅਸਰ ਵੇਖਿਆ ਗਿਆ।

ਹੁਣ ਤਕ 20 ਤੋਂ ਜ਼ਿਆਦਾ ਲੋਕ ਇਨ੍ਹਾਂ ਦੰਗਿਆਂ ਦੀ ਭੇਂਟ ਚੜ੍ਹ ਚੁੱਕੇ ਹਨ ਜਦਕਿ ਵੱਡੇ ਗਿਣਤੀ ਘਰ, ਮਕਾਨ ਅਤੇ ਦੁਕਾਨਾਂ ਅੱਗ ਦੇ ਹਵਾਲੇ ਕੀਤੀਆਂ ਜਾ ਚੁੱਕੀਆਂ ਹਨ। ਇਸ ਦਰਮਿਆਨ ਸਥਾਨਕ ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹ ਦਿਤੇ ਗਏ ਹਨ। ਇਨ੍ਹਾਂ ਗੁਰਧਾਮਾਂ ਅੰਦਰ ਹਰ ਉਸ ਪੀੜਤ ਨੂੰ ਪਨਾਹ ਦਿਤੀ ਗਈ ਜੋ ਦੰਗਾਈਆਂ ਤੋਂ ਜਾਨ ਬਚਾਉਣ ਲਈ ਪਨਾਹ ਦੀ ਭਾਲ ਵਿਚ ਸੀ। ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਕਿਉਂ ਨਾ ਹੋਵੇ।

ਦੁੱਖ ਅਤੇ ਡਰ ਦੇ ਇਸ ਮਾਹੌਲ ਵਿਚ ਇਨਸਾਨੀਅਤ ਦੀ ਇਸ ਮਿਸਾਲ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਸੋਸ਼ਲ ਮੀਡੀਆ ਅਤੇ ਟਵਿੱਟਰ ਯੂਜ਼ਰਜ਼ ਵਲੋਂ ਵੀ ਇਸ ਦੀ ਭਰਵੀਂ ਪ੍ਰਸੰਸਾ ਕੀਤੀ ਜਾ ਰਹੀ ਹੈ। ਕਾਬਲੇਗੌਰ ਹੈ ਕਿ ਉੱਤਰ ਪੂਰਬੀ ਦਿੱਲੀ ਵਿਚਲੇ ਹਿੰਸਾ ਗ੍ਰਸਤ ਇਲਾਕਿਆਂ ਅੰਦਰ ਧਾਰਾ 144 ਲਾਗੂ ਹੈ। ਇਨ੍ਹਾਂ ਇਲਾਕਿਆਂ 'ਚ ਚੱਪੇ-ਚੱਪੇ 'ਤੇ ਪੁਲਿਸ ਅਤੇ ਸੀਆਰਪੀਐਫ਼ ਦੇ ਜਵਾਨਾਂ ਦਾ ਪਹਿਰਾ ਹੈ।