ਟਰੰਪ ਨੂੰ ਮੰਗ-ਪੱਤਰ ਸੌਂਪਣ ਜਾਂਦੇ ਸਿੱਖ ਕਤਲੇਆਮ ਪੀੜਤਾਂ ਨੂੰ ਤਿਲਕ ਵਿਹਾਰ ਵਿਖੇ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਨੂੰ ਦਸਣਾ ਸੀ ਕਿ ਸਿੱਖਾਂ ਨੂੰ ਸਰਕਾਰੀ ਛੱਤਰ-ਛਾਇਆ ਹੇਠ ਜਿਊਂਦਿਆਂ ਸਾੜਿਆ ਗਿਆ : ਬਾਬੂ ਸਿੰਘ

Photo

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਕਿ ਅੱਜਕਲ ਭਾਰਤ ਦੀ ਦੋ ਦਿਨਾ ਫੇਰੀ ਤੇ ਅਪਣੀ ਸੁਪਤਨੀ ਅਤੇ ਸਪੁਤਰੀ ਨਾਲ ਆਏ ਹੋਏ ਹਨ ਤੇ ਉਹ ਦਿੱਲੀ ਵਿਖੇ ਹੋਈ ਨਵਬੰਰ 1984 ਦੌਰਾਨ ਹੋਏ ਸਿੱਖ ਕਤਲੇਆਮ ਦੇ ਪੀੜਤ ਪਰਵਾਰ ਜੋ ਡੋਨਾਲਡ ਟਰੰਪ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ, ਉਨ੍ਹਾਂ ਪੀੜਤਾਂ ਨੂੰ ਤਿਲਕ ਵਿਹਾਰ ਵਿਖੇ ਹੀ ਰੋਕ ਲਿਆ ਗਿਆ।

1984 ਵਿਕਟਮ ਜਸਟਿਸ ਦੇ ਮੁਖੀ ਬਾਬੂ ਸਿੰਘ ਦੁਖੀਆ ਨੇ ਦਸਿਆ ਕਿ ਅਸੀਂ ਸਮੂਹ ਪੀੜਤ ਪਰਵਾਰਾਂ ਨੇ ਦਿੱਲੀ ਦੇ ਤੀਨ ਮੂਰਤੀ ਵਿਖੇ ਇੱਕਠਿਆਂ ਹੋ ਕੇ ਅਮਰੀਕੀ ਸਫ਼ਾਰਤਖ਼ਾਨੇ ਵਿਖੇ ਟਰੰਪ ਨੂੰ 1984 ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜੋ ਸਿੱਖਾਂ ਨਾਲ ਨਸਲਕੁਸ਼ੀ ਕੀਤੀ ਗਈ ਸੀ, ਉਸ ਬਾਰੇ ਦੱਸਣਾ ਸੀ ਜਿਸ ਨਾਲ ਹਿੰਦੁਸਤਾਨ ਦਾ ਚੇਹਰਾ ਸੰਸਾਰ ਭਰ ਵਿਚ ਨੰਗਾ ਹੁੰਦਾ ਪਰ ਸਾਨੂੰ ਤਿਲਕ ਵਿਹਾਰ ਵਿਖੇ ਹੀ ਰੋਕ ਲਿਆ ਗਿਆ।

ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਦਸਣਾ ਚਾਹੁੰਦੇ ਸੀ ਕਿ ਦੁਨੀਆਂ ਭਰ ਵਿਚ ਸਿਰਫ਼ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਤਿਲਕ ਵਿਹਾਰ ਅੰਦਰ ਹੀ ਵਿਧਵਾ ਕਲੋਨੀ ਵਿਖੇ ਸਥਿਤ ਹੈ ਜੋ ਹੋਰ ਕਿਤੇ ਵੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਅਸੀਂ ਦਸਣਾ ਚਾਹੁੰਦੇ ਸੀ ਕਿ ਕਿਸ ਤਰ੍ਹਾਂ ਇਕ ਫ਼ਿਰਕੇ ਦੇ ਲੋਕਾਂ ਨੇ ਸਾਡੇ ਪਰਵਾਰਾਂ ਨੂੰ ਜਿਊਂਦੇ ਜੀਅ ਅੱਗ ਦੇ ਹਵਾਲੇ ਕਰ ਕੇ ਸਾੜਿਆ ਤੇ ਮੱਚ ਰਹੀ ਅੱਗ ਨਾਲ ਸਾਡੇ ਵੀਰ, ਭੈਣਾਂ ਤੇ ਬਜ਼ੁਰਗਾਂ ਨੇ ਕਿਸ ਤਰ੍ਹਾਂ ਤੜਫ਼-ਤੜਫ਼ ਕੇ ਦਮ ਤੋੜਿਆ ਤੇ ਦੰਗਾਕਾਰੀ ਹੱਸ ਰਹੇ ਸਨ ਤੇ ਸਾਡੀਆਂ ਨੂੰਹਾਂ, ਧੀਆਂ ਨੂੰ ਬੇਪੱਤ ਵੀ ਕੀਤਾ ਗਿਆ, ਇਥੋਂ ਤਕ ਕੀ ਦੁਧ ਚੁੰਘਦੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ, ਜ਼ਮੀਨ ਜਾਇਦਾਦਾਂ ਦਾ ਵੱਗੀ ਗਿਣਤੀ ਵਿਚ ਨੁਕਸਾਨ ਕੀਤਾ ਗਿਆ।

ਉਨ੍ਹਾਂ ਦੁਖੀ ਹਿਰਦੇ ਨਾਲ ਕਿਹਾ ਕਿ ਅਸੀ ਉਨ੍ਹਾਂ ਨੂੰ ਇਥੇ ਤਿਲਕ ਵਿਹਾਰ ਵਿਖੇ ਬੁਲਾਉਣਾ ਚਾਹੁੰਦੇ ਸੀ ਕਿ ਉਹ (ਟਰੰਪ) ਆ ਕੇ ਵੇਖਦੇ ਕਿ ਅਸੀਂ ਕਿੰਨਾਂ ਹਾਲਾਤ ਵਿਚ ਰਹਿ ਰਹੇ ਹਾਂ ਤੇ ਅਪਣਾ ਗੁਜ਼ਾਰਾ ਕਰਦੇ ਹਾਂ ਪਰ ਸਰਕਾਰ ਵਲੋਂ ਸਾਡੇ ਨਾਲ ਚਾਲ ਖ਼ੇਡਦਿਆਂ ਸਾਨੂੰ ਤਿਲਕ ਵਿਹਾਰ ਵਿਖੇ ਹੀ ਰੋਕ ਲਿਆ ਗਿਆ, ਜਿਸ ਕਰ ਕੇ ਅਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੰਗ ਪੱਤਰ ਨਹੀਂ ਸੌਂਪ ਸਕੇ।

ਉਨ੍ਹਾਂ ਕਿਹਾ ਕਿ ਇਸ ਮੌਕੇ ਹਾਜ਼ਰ ਪੁਲਿਸ ਵਾਲਿਆਂ ਨੇ ਖੇਤਰ ਦੇ ਏ.ਸੀ.ਪੀ ਅਤੇ ਡੀ.ਸੀ ਨੂੰ ਮੌਕੇ ਤੇ ਸੱਦ ਲਿਆ ਜਿਥੇ ਉਨ੍ਹਾਂ ਨੇ ਸਾਡੇ ਕੋਲੋਂ ਮੈਮੋਰੰਡਮ ਲੈ ਕੇ ਉਨ੍ਹਾਂ (ਟਰੰਪ) ਤਕ ਪਹੁੰਚਾਉਣ ਦਾ ਭਰੋਸਾ ਦਿਵਾਇਆ।