ਗੁਜਰਾਤ ਨਗਰ ਨਿਗਮ ਚੋਣਾਂ ’ਚ ਸਫਲਤਾ ਤੋਂ ਬਾਅਦ ਅੱਜ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਰਤ ਵਿਚ ਅੱਜ ਹੋਵੇਗਾ ਅਰਵਿੰਦ ਕੇਜਰੀਵਾਲ ਦਾ 7 ਕਿਲੋਮੀਟਰ ਲੰਬਾ ਰੋਡ ਸ਼ੋਅ

Arvind Kejriwal

ਸੂਰਤ: ਗੁਜਰਾਤ ਨਗਰ ਨਿਗਮ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਅਤੇ ਸੂਰਤ ਮਿਉਂਸਪਲ ਕਾਰਪੋਰੇਸ਼ਨ ਵਿਚ ਮੁੱਖ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਦੇ ਚੁਣੇ ਜਾਣ ਤੋਂ ਬਾਅਦ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸੂਰਤ ਵਿਚ ਰੋਡ ਸ਼ੋਅ ਕਰਨ ਜਾ ਰਹੇ ਹਨ।

ਕੇਜਰੀਵਾਲ ਸੂਰਤ ਪਹੁੰਚ ਚੁੱਕੇ ਹਨ। ਉਹਨਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਸੂਰਤ ਹਵਾਈ ਅੱਡੇ ‘ਤੇ ਮੌਜੂਦ ਸਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਲੋਕਾਂ ਸਾਹਮਣੇ ਨਵੇਂ ਵਿਕਲਪ ਦੇ ਤੌਰ ‘ਤੇ ਆਮ ਆਦਮੀ ਪਾਰਟੀ ਉੱਭਰ ਕੇ ਆਈ ਹੈ।

ਸੂਤਰਾਂ ਦੀ ਮੰਨੀਏ ਤਾਂ ਅੱਜ ਸਵੇਰੇ 11 ਵਜੇ ਸਰਕਾਰੀ ਸਰਕਟ ਹਾਊਸ ਵਿਚ ਅਰਵਿੰਦ ਕੇਜਰੀਵਾਲ ਦਾ ਭਾਸ਼ਣ ਹੋਵੇਗਾ। ਉਸ ਤੋਂ ਬਾਅਦ ਮਾਨਗੜ੍ਹ ਚੌਂਕ ਤੋਂ ਆਪ ਦਾ ਰੋਡ ਸ਼ੋਅ ਸ਼ੁਰੂ ਹੋਵੇਗਾ ਜੋ ਸ਼ਾਮ 5 ਵਜੇ ਤੱਕ ਤਕਸ਼ਿਲਾ ਕੰਪਲੈਕਸ, ਵਾਰਛਾ ਰੋਡ ਤੱਕ ਚੱਲੇਗਾ। ਇਹ ਰੋਡ ਸ਼ੋਅ 7 ਕਿਲੋਮੀਟਰ ਲੰਬਾ ਹੋਵੇਗਾ। ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਭਾਸ਼ਣ ਹੋਵੇਗਾ।

ਦੱਸ ਦਈਏ ਕਿ ਆਪ ਨੇ ਗੁਜਰਾਤ ਦੀਆਂ ਛੇ ਨਗਰ ਨਿਗਮਾਂ ਲਈ ਹੋਈਆਂ ਚੋਣਾਂ ਵਿਚ 470 ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਸੀ। ਇਸ ਦੌਰਾਨ ਪਾਰਟੀ ਨੇ ਸੂਰਤ ਵਿਚ 27 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਗੁਜਰਾਤ ਵਿਚ ਮਿਲੀ ਸਫਲਤਾ ਨੂੰ ਲੈ ਕੇ ਪਾਰਟੀ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।