ਵਧਦੀ ਮਹਿੰਗਾਈ ਤੋਂ ਲੋਕ ਪ੍ਰੇਸ਼ਾਨ, ਤੇਲ ਕੀਮਤਾਂ ਤੋਂ ਬਾਅਦ ਹੁਣ ਰੇਲ ਸਫਰ ਵੀ ਹੋਇਆ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਰਵਰੀ ਮਹੀਨੇ ਦੌਰਾਨ ਵਪਾਰਕ ਅਤੇ ਘਰੇਲੂ ਗੈਸ ਦੀ 200 ਰੁਪਏ ਤਕ ਵਧੀ ਕੀਮਤ

Rising inflation

ਨਵੀਂ ਦਿੱਲੀ : ਕਰੋਨਾ ਕਾਲ ਦੀ ਝੰਬੀ ਲੋਕਾਈ ਨੂੰ ਮਹਿੰਗਾਈ ਦੀ ਚੌਤਰਫਾ ਪੈ ਰਹੀ ਮਾਰ ਨੇ ਪ੍ਰੇਸ਼ਾਨ ਕਰ ਰੱਖਿਆ ਹੈ। ਤੇਲ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਦਾ ਅਸਰ ਹਰ ਖੇਤਰ ਵਿਚ ਪੈ ਰਿਹਾ ਹੈ। ਰੋਜ਼ਮਰਾਂ ਦੀ ਜ਼ਰੂਰ ਦੀਆਂ ਚੀਜ਼ਾਂ ਦੇ ਭਾਅ ਲਗਾਤਾਰ ਵੱਧ ਰਹੇ ਹਨ। ਫਲ, ਸਬਜੀਆਂ ਦੇ ਰੇਟ ਵੀ ਅਸਮਾਨ ਛੂਹਣ ਲੱਗੇ ਹਨ। ਰਸੋਈ ਗੈਸ ਤੋਂ ਲੈ ਕੇ ਰੇਲਵੇ ਸਫਰ ਤਕ, ਲੋਕਾਂ ਨੂੰ ਹਰ ਥਾਂ ਜੇਬ ਢਿੱਲੀ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਬਿਨਾਂ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਹੋ ਗਿਆ ਹੈ। ਇਕ ਮਹੀਨੇ ਵਿਚ ਤੀਜੀ ਵਾਰ ਹੋਏ ਇਸ ਵਾਧੇ ਤੋਂ ਬਾਅਦ ਸਿਲੰਡਰ ਦੀ ਕੀਮਤ 200 ਰੁਪਏ ਤਕ ਵੱਧ ਗਈ ਹੈ।

ਇਸੇ ਤਰ੍ਹਾਂ ਫਰਵਰੀ ਮਹੀਨੇ ਦੌਰਾਨ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 190 ਰੁਪਏ ਦਾ ਵਾਧਾ ਹੋਇਆ ਹੈ। ਇਸ ਦਾ ਅਸਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਰੂਪ ਵਿਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਤੇਲ ਕੀਮਤਾਂ ਵਿਚ ਵਾਧੇ ਤੋਂ ਬਾਅਦ ਟੈਕਸੀ ਅਤੇ ਬੱਸ ਕਿਰਾਇਆ ਵਿਚ ਵੀ ਵਾਧਾ ਹੋ ਰਿਹਾ ਹੈ। ਉਧਰ ਰੇਲਵੇ ਨੇ ਵੀ ਮੁਸਾਫਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤੀ ਰੇਲਵੇ ਨੇ ਡੀ. ਐੱਮ. ਯੂ. ਯਾਤਰੀ ਰੇਲਗੱਡੀਆਂ ਦੇ ਕਿਰਾਏ ਵਧਾ ਦਿੱਤੇ ਹਨ।  

ਇਸ ਪਿੱਛੇ ਰੇਲਵੇ ਨੇ ਤਰਕ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਛੋਟੀ ਦੂਰੀ ਦੀਆਂ ਰੇਲਗੱਡੀਆਂ ਦੇ ਕਿਰਾਏ ਵਧਾਏ ਗਏ ਹਨ, ਤਾਂ ਕਿ ਲੋਕ ਸਿਰਫ਼ ਜ਼ਰੂਰੀ ਹੋਣ 'ਤੇ ਹੀ ਯਾਤਰਾ ਕਰਨ। ਉਦਾਹਰਣ ਦੇ ਤੌਰ 'ਤੇ ਅੰਮ੍ਰਿਤਸਰ ਤੋਂ ਪਠਾਨਕੋਟ ਦਾ ਕਿਰਾਇਆ ਹੁਣ 55 ਰੁਪਏ ਹੈ, ਜੋ ਪਹਿਲਾਂ 25 ਰੁਪਏ ਸੀ। ਇਸੇ ਤਰ੍ਹਾਂ ਜਲੰਧਰ ਤੋਂ ਫਿਰੋਜ਼ਪੁਰ ਤੱਕ ਡੀ. ਐੱਮ. ਯੂ. ਦਾ ਕਿਰਾਇਆ 30 ਰੁਪਏ ਤੋਂ ਵੱਧ ਕੇ 60 ਰੁਪਏ ਹੋ ਗਿਆ ਹੈ।

ਰੇਲਵੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੋਵਿਡ-19 ਅਜੇ ਵੀ ਹੈ ਅਤੇ ਕੁਝ ਸੂਬਿਆਂ ਵਿਚ ਸਥਿਤੀ ਵਿਗੜ ਰਹੀ ਹੈ। ਕਈ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਰੋਕਣ ਦੇ ਉਪਾਅ ਕੀਤੇ ਜਾ ਰਹੇ ਹਨ। ਕਿਰਾਇਆਂ ਵਿਚ ਮਾਮੂਲੀ ਵਾਧੇ ਨੂੰ ਰੇਲਗੱਡੀਆਂ ਵਿਚ ਭੀੜ ਹੋਣ ਤੋਂ ਅਤੇ ਕੋਵਿਡ-18 ਨੂੰ ਫ਼ੈਲਣ ਤੋਂ ਰੋਕਣ ਦੇ ਰੇਲਵੇ ਦੇ ਯਤਨਾਂ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ।

ਕਾਬਲੇਗੌਰ ਹੈ ਕਿ ਕੋਵਿਡ-19 ਕਾਰਨ ਭਾਰਤੀ ਰੇਲਵੇ ਨੇ 22 ਮਾਰਚ 2020 ਨੂੰ ਰੇਲਗੱਡੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਸਨ ਅਤੇ ਹੌਲੀ-ਹੌਲੀ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਗਈਆਂ ਅਤੇ ਹੁਣ ਲੋਕਲ ਰੇਲਗੱਡੀਆਂ ਵੀ ਚੱਲ ਰਹੀਆਂ ਹਨ। ਦੂਜੇ ਪਾਸੇ ਦੇਸ਼ ਅੰਦਰ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਮੁੜ ਪਾਬੰਦੀਆਂ ਦਾ ਡਰ ਪੈਦਾ ਹੋ ਗਿਆ ਹੈ। ਪੰਜਾਬ ਸਮੇਤ ਕਈ ਸੂਬਿਆਂ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆ ਹਨ। ਕਰੋਨਾ ਕਾਲ ਦੇ ਝੰਬੇ ਲੋਕਾਂ ਲਈ ਪਾਬੰਦੀਆਂ ਦਾ ਦੌਰ ਕਾਫੀ ਕਸ਼ਟਦਾਰ ਹੋ ਸਕਦਾ ਹੈ।