ਰਾਜਨੀਤਕ ਬਹਿਸ ਮੋਦੀ ਬਨਾਮ ਅਰਾਜਕਤਾਵਾਦੀ ਗਠਜੋੜ 'ਤੇ ਕੇਂਦਰਤ ਹੋਵੇਗੀ : ਜੇਤਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅੱਗੇ ਵਧਣ ਦੀਆਂ ਉਮੀਦਾਂ ਰੱਖਣ ਵਾਲਾ ਭਾਰਤ ਨਿਰਾਸ਼ ਰਾਜਨੀਤਕ ਦਲਾਂ ਦੇ ਅਰਾਜਕ ਗਠਜੋੜ ਨੂੰ ...

arun jetly

ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅੱਗੇ ਵਧਣ ਦੀਆਂ ਉਮੀਦਾਂ ਰੱਖਣ ਵਾਲਾ ਭਾਰਤ ਨਿਰਾਸ਼ ਰਾਜਨੀਤਕ ਦਲਾਂ ਦੇ ਅਰਾਜਕ ਗਠਜੋੜ ਨੂੰ ਸਵੀਕਾਰ ਨਹੀਂ ਕਰੇਗਾ। ਇਹ ਦਲ ਅਗਲੀਆਂ ਆਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਰੁਧ ਮਿਲ ਕੇ ਲੜਨ ਲਈ ਇਕੱਠੇ ਹੋਣ ਦਾ ਵਾਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਬਹਿਸ ਦਾ ਰਾਜਨੀਤਕ ਏਜੰਡਾ ਹੁਣ ਨਰਿੰਦਰ ਮੋਦੀ ਬਨਾਮ ਅਰਾਜਕਤਾਵਾਦੀਆਂ ਦਾ ਗਠਜੋੜ ਹੋਵੇਗਾ।

ਜੇਤਲੀ ਨੇ ਫੇਸਬੁੱਕ 'ਤੇ ਲਿਖਿਆ ਕਿ ਨਿਰਾਸ਼ ਸਿਆਸੀ ਦਲਾਂ ਦਾ ਇਕ ਸਮੂਹ ਇਕੱਠਾ ਹੋਣ ਦਾ ਦਾਅਵਾ ਕਰ ਰਿਹਾ ਹੈ। ਉਨ੍ਹਾਂ ਦੇ ਕੁੱਝ ਨੇਤਾ ਮੌਕਿਆਂ ਦੇ ਹਿਸਾਬ ਨਾਲ ਅਪਣੇ ਵਿਚਾਰਾਂ ਨੂੰ ਬਦਲਦੇ ਰਹਿੰਦੇ ਹਨ। ਟੀਐਮਸੀ, ਡੀਐਮਕੇ, ਤੇਦੇਪਾ, ਬਸਪਾ ਅਤੇ ਜਨਤਾ ਦਲ (ਐਸ) ਵਰਗੇ ਉਨ੍ਹਾਂ ਵਿਚੋਂ ਕਈਆਂ ਦੇ ਨਾਲ ਸੱਤਾ ਵਿਚ ਹਿੱਸੇਦਾਰੀ ਕਰਨ ਦਾ ਭਾਜਪਾ ਨੂੰ ਮੌਕਾ ਮਿਲਿਆ। ਉਹ ਵਾਰ-ਵਾਰ ਆਪਣੇ ਰਾਜਨੀਤਕ ਰੁਖ਼ ਵਿਚ ਬਦਲਾਅ ਲਿਆਉਂਦੇ ਹਨ। 

ਮੰਤਰੀ ਨੇ ਕਿਹਾ ਕਿ ਗਤੀਸ਼ੀਲ ਲੋਕਤੰਤਰ ਦੇ ਨਾਲ ਅੱਗੇ ਵਧਣ ਦੀਆਂ ਉਮੀਦਾਂ ਰੱਖਣ ਵਾਲੇ ਕਦੇ ਵੀ ਅਰਾਜਕਤਵਾਦੀਆਂ ਨੂੰ ਸੱਦਾ ਨਹੀਂ ਦਿੰਦਾ। ਇਕ ਮਜ਼ਬੂਤ ਦੇਸ਼ ਅਤੇ ਬਿਹਤਰ ਰਾਜਕਾਜ ਦੀਆਂ ਜ਼ਰੂਰਤਾਂ ਅਰਾਜਕਤਾ ਨੂੰ ਪਸੰਦ ਨਹੀਂ ਕਰਦੀਆਂ। ਕਾਂਗਰਸ ਸਮੇਤ ਕਈ ਵਿਰੋਧੀ ਦਲ ਭਾਜਪਾ ਦੇ ਨਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਦੋ-ਦੋ ਹੱਥ ਕਰਨ ਲਈ ਇਕ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਉਨ੍ਹਾਂ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਪਲਾ ਮੁਕਤ ਸਰਕਾਰ ਦਿਤੀ ਹੈ ਅਤੇ ਉਨ੍ਹਾਂ ਦੇ ਪੰਜਵੇਂ ਸਾਲ ਵਿਚ ਜ਼ੋਰ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ 'ਤੇ ਹੋਵੇਗਾ। ਜੇਤਲੀ ਦਾ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਿਡਨੀ ਬਦਲੀ ਹੋਈ ਅਤੇ ਕਲ ਉਨ੍ਹਾਂ ਨੂੰ ਆਈਸੀਯੂ ਤੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਿਜ਼ਾਜ਼ ਪਿਛਲੇ ਚਾਰ ਸਾਲ ਵਿਚ ਨਿਰਾਸ਼ਾ ਤੋਂ ਉਮੀਦ ਅਤੇ ਅੱਗੇ ਵਧਣ ਦੀਆਂ ਉਮੀਦਾਂ ਵਿਚ ਤਬਦੀਲ ਹੋਇਆ ਹੈ। 

ਜੇਤਲੀ ਨੇ ਕਿਹਾ ਕਿ ਬਿਹਤਰ ਰਾਜਕਾਜ ਅਤੇ ਚੰਗੇ ਅਰਥ ਸਾਸ਼ਤਰ ਵਿਚ ਚੰਗੀ ਰਾਜਨੀਤੀ ਦਾ ਮਿਸ਼ਰਣ ਹੁੰਦਾ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਭਾਜਪਾ ਨੂੰ ਅੱਜ ਜ਼ਿਆਦਾ ਭਰੋਸਾ ਹੈ। ਪਾਰਟੀ ਦਾ ਭੁਗੋਲਿਕ ਆਧਾਰ ਵਿਆਪਕ ਹੋਇਆਹੈ। ਸਮਾਜਕ ਆਧਾਰ ਵਧਿਆ ਹੈ ਅਤੇ ਉਸ ਦੇ ਜਿੱਤਣ ਦੀ ਸਮਰੱਥਾ ਕਾਫ਼ੀ ਵਧੀ ਹੈ। ਕਾਂਗਰਸ ਦੀ ਆਲੋਚਨਾ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਪਾਰਟੀ ਸੱਤਾ ਤੋਂ ਦੂਰ ਰਹਿ ਕੇ ਨਿਰਾਸ਼ ਹੈ। 

ਉਨ੍ਹਾਂ ਲਿਖਿਆ ਕਿ ਭਾਰਤੀ ਰਾਜਨੀਤੀ ਵਿਚ ਇਕ ਸਮਾਂ ਮਹੱਤਵਪੂਰਨ ਸਥਿਤੀ ਵਿਚ ਰਹੀ ਪਾਰਟੀ ਅੱਜ ਹਾਸ਼ੀਏ ਵੱਲ ਵਧ ਰਹੀ ਹੈ। ਉਸ ਦੀ ਰਾਜਨੀਤਕ ਸਥਿਤੀ ਇਕ ਮੁੱਖ ਧਾਰਾ ਵਾਲੀ ਪਾਰਟੀ ਵਰਗੀ ਨਹੀਂ ਬਲਕਿ ਉਸ ਤਰ੍ਹਾਂ ਦੀ ਹੈ, ਜਿਸ ਨੂੰ ਹਾਸ਼ੀਏ 'ਤੇ ਖੜ੍ਹਾ ਕੋਈ ਸੰਗਠਨ ਅਪਣਾਉਂਦਾ ਹੈ। ਹਾਸ਼ੀਏ 'ਤੇ ਖੜ੍ਹਾ ਸੰਗਠਨ ਕਦੇ ਵੀ ਸੱਤਾ ਵਿਚ ਆਉਣ ਦੀ ਉਮੀਦ ਨਹੀਂ ਕਰ ਸਕਦਾ। ਜੇਤਨੀ ਨੇ ਕਿਹਾ ਕਿ ਉਸ ਦੀ ਹੁਣ ਇਹ ਉਮੀਦ ਬਚੀ ਹੈ ਕਿ ਉਹ ਖੇਤਰੀ ਦਲਾਂ ਦਾ ਸਮਰਥਨ ਬਣੇ। ਏਜੰਸੀ