ਚੋਣਾਂ ਦੌਰਾਨ 15 ਹਜ਼ਾਰ ਸਕੂਲਾਂ ਨੂੰ ਮਿਲੀ ਬਿਜਲੀ ਦੀ ਸੌਗ਼ਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਪੂਰਾ ਮਾਮਲਾ

15 thousand schools got electricity due to Lok Sabha Election 2019

ਐਮਪੀ: ਮੱਧ ਪ੍ਰਦੇਸ਼ ਦੇ ਹਜ਼ਾਰਾਂ ਸਕੂਲਾਂ ਦੇ ਬੱਚੇ ਹੁਣ ਤਕ ਬਿਨਾਂ ਬਿਜਲੀ ਦੇ ਪੜ੍ਹਾਈ ਕਰਨ ਲਈ ਮਜਬੂਰ ਸਨ ਪਰ ਚੋਣਾਂ ਵਿਚ ਵੋਟਿੰਗ ਕੇਂਦਰ ਬਣਾਏ ਜਾਣ ਕਰਕੇ ਇਹਨਾਂ ਦੇ ਦਿਨ ਫਿਰ ਗਏ ਹਨ ਅਤੇ ਇੱਥੇ ਬਿਜਲੀ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ। ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਦੂਰ ਦੇ ਇਲਾਕਿਆਂ ਵਿਚ ਸਥਿਤ 15 ਹਜ਼ਾਰ ਸਕੂਲਾਂ ਵਿਚ ਚੋਣਾਂ ਦੌਰਾਨ ਬਿਜਲੀ ਦੇ ਸਥਾਈ ਕਨੈਕਸ਼ਨ ਦਿੱਤੇ ਗਏ ਹਨ।

ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਮੱਧ ਪ੍ਰਦੇਸ਼ ਵਿਚ ਚੋਣਾਂ ਦੀਆਂ ਤਿਆਰੀਆਂ ਦੇ ਚਲਦੇ ਰਾਜ ਦੇ ਮੁੱਖ ਚੋਣ ਅਧਿਕਾਰੀ ਦੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ। ਉਹਨਾਂ ਦਸਿਆ ਕਿ ਇਹ ਸਕੂਲ ਰਾਜ ਤੋਂ ਦੂਰ ਹਨ, ਇਸ ਕਰਕੇ ਇੱਥੇ ਬਿਜਲੀ ਦੀ ਮੁਸ਼ਕਿਲ ਬਣੀ ਰਹਿੰਦੀ ਸੀ। ਨਾ ਹੀ ਇੱਥੇ ਕੋਈ ਬਿਜਲੀ ਦੀ ਵਿਵਸਥਾ ਕੀਤੀ ਗਈ ਸੀ।

ਵੋਟ ਪਾਉਣ ਲਈ ਜਿਸ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਬਿਜਲੀ ’ਤੇ ਚਲਦੀ ਹੈ, ਇਸ ਕਰਕੇ ਇਹਨਾਂ ਸਕੂਲਾਂ ਵਿਚ ਬਿਜਲੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਮੱਧ ਪ੍ਰਦੇਸ਼ ਵਿਚ ਝਾਬੁਆ, ਰਤਲਾਮ, ਬੈਤੂਲ ਅਤੇ ਭਿੰਡ ਸਮੇਤ ਕਈ ਪੱਛੜੇ ਖੇਤਰਾਂ ਦੇ ਦੂਰ ਦੇ ਇਲਾਕਿਆਂ ਵਿਚ ਕੁਝ ਸਕੂਲ ਅਜਿਹੇ ਸਨ ਜਿਹਨਾਂ ਨੂੰ ਪਹਿਲੀ ਵਾਰ  ਵੋਟਿੰਗ ਕੇਂਦਰ ਬਣਾਇਆ ਗਿਆ ਸੀ।

ਮੱਧ ਪ੍ਰਦੇਸ਼ ਚੋਣ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹਨਾਂ ਵਿਚ ਬਿਜਲੀ ਦਾ ਸਥਾਨਕ ਕਨੈਕਸ਼ਨ ਨਾ ਹੋਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਰਾਜ ਦੇ ਸਿੱਖਿਆ ਅਤੇ ਉਰਜਾ ਵਿਭਾਗ ਨੇ ਕਮਿਸ਼ਨ ਦੀ ਪਹਿਲ ’ਤੇ ਇਹਨਾਂ ਸਕੂਲਾਂ ਨੂੰ ਯੁੱਧ ਪੱਧਰ ’ਤੇ ਅਭਿਆਨ ਚਲਾ ਕੇ ਬਿਜਲੀ ਦੇ ਸਥਾਨਕ ਕਨੈਕਸ਼ਨ ਨਾਲ ਲੈਸ ਕੀਤਾ ਗਿਆ। ਇਸ ਨਾਲ ਵੋਟਿੰਗ ਪ੍ਰਕਿਰਿਆ ਦੌਰਾਨ ਬਿਜਲੀ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਗਿਆ।

ਚੋਣਾਂ ਦੌਰਾਨ ਇਹਨਾਂ ਸਹੂਲਤਾਂ ਦਾ ਲਾਭ ਬਿਹਾਰ ਦੇ ਕੁਝ ਸਕੂਲਾਂ ਨੂੰ ਵੀ ਮਿਲਿਆ ਹੈ। ਬਿਹਾਰ ਦੀ ਰਿਪੋਰਟ ਦੇ ਹਵਾਲੇ ਤੋਂ ਕਮਿਸ਼ਨ ਦੇ ਅਧਿਕਾਰੀ ਨੇ ਦਸਿਆ ਕਿ ਰਾਜ ਵਿਚ ਜਿਹਨਾਂ ਸਕੂਲਾਂ ਨੂੰ ਵੋਟਿੰਗ ਕੇਂਦਰ ਬਣਾਇਆ ਗਿਆ ਸੀ ਉਹਨਾਂ ਦੀ ਹਾਲਤ ਬਹੁਤ ਖ਼ਸਤਾ ਸੀ। ਉਹਨਾਂ ਨੂੰ ਰੰਗ ਕਰਵਾਇਆ ਗਿਆ। ਇਸ ਤੋਂ ਇਲਾਵਾ ਸਕੂਲਾਂ ਦੇ ਕਮਰਿਆਂ ਦੀਆਂ ਛੱਤਾਂ, ਦੀਵਾਰਾਂ ਦੀ ਮੁਰੰਮਤ ਕੀਤੀ ਗਈ। ਜਿਹਨਾਂ ਸਕੂਲਾਂ ਵਿਚ ਬਿਜਲੀ, ਪੱਖੇ, ਅਤੇ ਬਲਬ ਆਦਿ ਨਹੀਂ ਸਨ, ਦਾ ਪ੍ਰਬੰਧ ਵੀ ਕਰਵਾਇਆ ਗਿਆ।