ਵਧੀਆ ਨਤੀਜਿਆਂ ਮਗਰੋਂ ਸਕੂਲਾਂ ਵਿਚ ਵਧਣਗੇ ਦਾਖ਼ਲੇ, ਸਿੱਖਿਆ ਵਿਭਾਗ ਦੀ ਉਮੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਪਿਆਂ ਨੂੰ ਇਸ ਵਾਸਤੇ ਕੀਤਾ ਜਾ ਰਿਹਾ ਹੈ ਪ੍ਰੇਰਿਤ

After the best results, the students will get admission, education department hopes

ਸਿੱਖਿਆ ਵਿਭਾਗ ਪੰਜਾਬ ਸਰਕਾਰੀ ਸਕੂਲਾਂ ਦੇ ਦਸਵੀਂ ਜਮਾਤ ਦੇ ਆਏ ਬਿਹਤਰੀਨ ਨਤੀਜਿਆਂ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਮਾਰਟ ਸਕੂਲਾਂ ਦੇ ਮੁਖੀਆਂ ਨੂੰ ਸਕੂਲਾਂ ਵਿਚ ਦਾਖਲਿਆਂ ਨੂੰ ਵਧਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ| ਇਸ ਲਈ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ’ਤੇ ਸਮਾਰਟ ਸਕੂਲ ਕੋਆਰਡੀਨੇਟਰਾਂ ਤੇ ਹੋਰ ਅਧਿਕਾਰੀਆਂ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਕਿਹਾ...

..ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਧੀਆ ਨਤੀਜੇ ਆਏ ਹਨ| ਸਕੂਲ ਮੁੱਖੀ ਸਕੂਲਾਂ ਵਿਚ ਦਾਖਲਿਆਂ ਨੂੰ ਵਧਾਉਣ ਲਈ ਹੁਣ ਵਿਸ਼ੇਸ਼ ਯੋਜਨਾਬੰਦੀ ਨਾਲ ਕੰਮ ਕਰਨ| ਇਸ ਵੀਡੀਉ ਕਾਨਫਰੰਸਿੰਗ ਵਿਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਮੁਹੰਮਦ ਤਾਇਅਬ ਤੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਇੰਦਰਜੀਤ ਸਿੰਘ ਵੀ ਮੌਜੂਦ ਰਹੇ|

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਵਧੀਆ ਨਤੀਜਿਆਂ ਬਾਰੇ ਸੋਸ਼ਲ ਮੀਡੀਆ ਰਾਹੀਂ ਤੇ ਹੋਰ ਜਨ ਸੰਪਰਕ ਸਾਧਨਾਂ ਦੀ ਸਹਾਇਤਾ ਨਾਲ ਇਲਾਕੇ ਵਿਚ ਜਾਣਕਾਰੀ ਸਾਂਝੀ ਕਰ ਸਕਦੇ ਹਨ ਤਾਂ ਜੋ ਹੋਰ ਬੱਚਿਆਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਦਾ ਪੱਕਾ ਮਨ ਬਣਾ ਸਕਣ| ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਸਕੂਲ ਮੁੱਖੀ ਅਪਣੇ ਅਪਣੇ ਸਕੂਲਾਂ ਦੀ ਮਾਈਕਰੋ ਯੋਜਨਾਬੰਦੀ ਤੇ ਸੁਚਾਰੂ ਢੰਗ ਨਾਲ ਕੰਮ ਕਰਨ|

ਉਹਨਾਂ ਸਮਾਰਟ ਸਕੂਲਾਂ ਦੇ ਕੋਆਰਡੀਨੇਟਰਾਂ ਤੇ ਜ਼ਿਲ੍ਹਾ ਮੈਂਟਰਾਂ ਨੂੰ ਵੀ ਬਿਹਤਰੀਨ ਕਾਰਜਾਂ ਲਈ ਉਤਸ਼ਾਹਿਤ ਕੀਤਾ| ਇਸ ਮੌਕੇ ਸੁਭਾਸ਼ ਮਹਾਜਨ, ਸੁਰੇਖਾ ਠਾਕੁਰ, ਸਲਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਵੀ ਹਾਜ਼ਰ ਸਨ|