ਕੋਰਟ ਨੇ 'ਪਿੰਜਰਾ ਤੋੜ' ਵਰਕਰਾਂ ਨੂੰ ਦਿੱਤੀ ਜ਼ਮਾਨਤ, ਪੁਲਿਸ ਨੇ ਹੋਰ ਕੇਸ ਵਿਚ ਕੀਤਾ ਗ੍ਰਿਫ਼ਤਾਰ
ਕੋਰਟ ਨੇ ਕਿਹਾ ਸੀ ਕਿ ਇਹਨਾਂ ਖਿਲਾਫ ਲਗਾਈ ਗਈ ਆਈਪੀਸੀ ਦੀ ਧਾਰਾ 353 ਸਹੀ ਨਹੀਂ ਹੈ ਅਤੇ ਇਹ ਵਰਕਰ ਸਿਰਫ ਐਨਆਰਸੀ ਅਤੇ ਸੀਏਏ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ।
ਨਵੀਂ ਦਿੱਲੀ: ਉੱਤਰੀ-ਪੂਰਬੀ ਦਿੱਲੀ ਦੇ ਜ਼ਾਫਰਾਬਾਦ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਸਬੰਧੀ ਗ੍ਰਿਫ਼ਤਾਰ ਕੀਤੀਆਂ ਗਈਆਂ 'ਪਿੰਜਰਾ ਤੋੜ' ਦੀਆਂ ਵਰਕਰਾਂ ਦੇਵਾਂਗਨਾ ਕਲੀਤਾ (30) ਅਤੇ ਨਤਾਸ਼ਾ ਨਰਵਾਲ (32) ਨੂੰ ਬੀਤੇ ਐਤਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ।
ਕੋਰਟ ਨੇ ਕਿਹਾ ਸੀ ਕਿ ਇਹਨਾਂ ਖਿਲਾਫ ਲਗਾਈ ਗਈ ਆਈਪੀਸੀ ਦੀ ਧਾਰਾ 353 ਸਹੀ ਨਹੀਂ ਹੈ ਅਤੇ ਇਹ ਵਰਕਰ ਸਿਰਫ ਐਨਆਰਸੀ ਅਤੇ ਸੀਏਏ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ। ਕੋਰਟ ਨੇ ਕਿਹਾ, 'ਕੇਸ ਦੇ ਤੱਥਾਂ ਤੋਂ ਪਤਾ ਚੱਲਦਾ ਹੈ ਕਿ ਅਰੋਪੀ ਸਿਰਫ ਐਨਆਰਸੀ ਅਤੇ ਸੀਏਏ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ, ਕਿਸੇ ਹਿੰਸਾ ਵਿਚ ਸ਼ਾਮਲ ਨਹੀਂ ਸੀ।
ਅਰੋਪੀਆਂ ਦੀ ਸਮਾਜ ਵਿਚ ਕਾਫੀ ਚੰਗੀ ਪਹੁੰਚ ਹੈ ਅਤੇ ਉਹ ਕਾਫੀ ਪੜ੍ਹੇ-ਲਿਖੇ ਹਨ। ਅਰੋਪੀ ਜਾਂਚ ਦੇ ਸਬੰਧ ਵਿਚ ਪੁਲਿਸ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹੈ'। ਹਾਲਾਂਕਿ ਇਹ ਰਾਹਤ ਜ਼ਿਆਦਾ ਦੇਰ ਤੱਕ ਟਿਕ ਨਹੀਂ ਪਾਈ ਕਿਉਂਕਿ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਹਨਾਂ ਦੋਵੇਂ ਵਰਕਰਾਂ ਨੂੰ ਹੱਤਿਆ, ਹੱਤਿਆ ਦੀ ਕੋਸ਼ਿਸ਼, ਦੰਗੇ ਅਤੇ ਅਪਰਾਧਿਕ ਸਾਜ਼ਿਸ਼ ਦੇ ਅਰੋਪ ਵਿਚ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਕੋਰਟ ਕੋਲੋਂ 14 ਦਿਨ ਪੁਲਿਸ ਕਸਟਡੀ ਮੰਗੀ।
ਹਾਲਾਂਕਿ ਕੋਰਟ ਨੇ ਉਹਨਾਂ ਨੂੰ ਦੋ ਦਿਨ ਦੀ ਪੁਲਿਸ ਕਸਟਡੀ ਦਿੱਤੀ। ਪੁਲਿਸ ਦਾ ਦਾਅਵਾ ਹੈ ਕਿ ਦੇਵਾਂਗਨਾ ਕਲੀਤਾ ਅਤੇ ਨਤਾਸ਼ਾ ਨਰਵਾਲ ਫਰਵਰੀ 22-23 ਨੂੰ ਜ਼ਾਫਰਾਬਾਦ ਮੈਟਰੋ ਸਟੇਸ਼ਨ 'ਤੇ ਸੀਏਏ ਵਿਰੋਧ ਪ੍ਰਦਰਸ਼ਨ ਅਯੋਜਿਤ ਕਰਨ ਅਤੇ ਰੋਡ ਬਲਾਕ ਕਰਨ ਵਾਲਿਆਂ ਵਿਚ ਸ਼ਾਮਲ ਸੀ।
ਦੱਸ ਦਈਏ ਕਿ ਸੀਏਏ ਦੇ ਵਿਰੋਧ ਵਿਚ ਬੀਤੇ ਫਰਵਰੀ ਵਿਚ ਜ਼ਾਫਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ ਲਗਭਗ 500 ਲੋਕਾਂ ਦਾ ਇਕ ਸਮੂਹ ਇਕੱਠਾ ਹੋਇਆ ਸੀ, ਜਿਸ ਵਿਚ ਜ਼ਿਆਦਾਤਰ ਔਰਤਾਂ ਸਨ। 23 ਫਰਵਰੀ ਨੂੰ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇਕ ਸਭਾ ਕੀਤੀ ਸੀ, ਜਿੱਥੇ ਉਹਨਾਂ ਨੇ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਦਿੱਲੀ ਪੁਲਿਸ ਨੂੰ ਤਿੰਨ ਦਿਨ ਦਾਾ ਅਲਟੀਮੇਟਮ ਦਿੱਤਾ ਸੀ।
ਇਸ ਤੋਂ ਇਕ ਦਿਨ ਬਾਅਦ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ਵਿਚਕਾਰ ਉੱਤਰੀ-ਪੂਰਬੀ ਦਿੱਲੀ ਵਿਚ ਦੰਗੇ ਭੜਕ ਗਏ, ਜਿਸ ਵਿਚ ਘੱਟੋ-ਘੱਟ 52 ਲੋਕ ਮਾਰੇ ਗਏ ਅਤੇ ਕਈ ਲੋਕ ਜ਼ਖਮੀ ਹੋ ਗਏ ਸੀ। ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਲੀਤਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹਨ।
ਕਲੀਤਾ ਜੇਐਨਯੂ ਦੀ ਸੈਂਟਰ ਫਾਰ ਵੂਮੇਨ ਸਟਡੀਜ਼ ਦੀ ਐਮਫਿਲ ਵਿਦਿਆਰਥਣ ਹੈ, ਜਦਕਿ ਨਰਵਾਲ ਸੈਂਟਰ ਫਾਰ ਹਿਸਟੋਰੀਕਲ ਸਟਡੀਜ਼ ਦੀ ਪੀਐਚਡੀ ਵਿਦਿਆਰਥਣ ਹੈ। ਦੋਵੇਂ ਪਿੰਜਰਾ ਤੋੜ ਸੰਗਠਨ ਦੀਆਂ ਸੰਸਥਾਪਕ ਮੈਂਬਰ ਹਨ। ਦੋਵੇਂ ਔਰਤਾਂ ਨੂੰ ਦਿੱਲੀ ਪੁਲਿਸ ਸਪੈਸ਼ਲ ਸੈੱਲ, ਜ਼ਾਫਰਾਬਾਦ ਪੁਲਿਸ ਸਟੇਸ਼ਨ ਅਤੇ ਕ੍ਰਾਈਮ ਬ੍ਰਾਂਚ ਐਐਸਆਈਟੀ ਵੱਲੋਂ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਹਿਲਾਵਾਦੀ ਸੰਗਠਨ ਪਿੰਜਰਾ ਤੋੜ ਦਾ ਗਠਨ 2015 ਵਿਚ ਕੀਤਾ ਗਿਆ ਸੀ, ਜੋ ਹੋਸਟਲ ਵਿਚ ਰਹਿਣ ਵਾਲੀਆਂ ਵਿਦਿਆਰਥਣਾਂ 'ਤੇ ਲਾਗੂ ਤਰ੍ਹਾਂ-ਤਰ੍ਹਾਂ ਦੀਆਂ ਪਾਬੰਧੀਆਂ ਦਾ ਵਿਰੋਧ ਕਰਦਾ ਹੈ। ਸੰਗਠਨ ਕੈਂਪਸ ਦੇ ਭੇਦਭਾਵ ਵਾਲੇ ਨਿਯਮ-ਕਾਨੂੰਨ ਅਤੇ ਕਰਫਿਊ ਟਾਈਮ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਉਂਦਾ ਰਿਹਾ ਹੈ।