ਮਹਾਂਰਾਸ਼ਟਰ 'ਚ ਕਰੋਨਾ ਦੀਆਂ ਮੌਤਾਂ ਦਾ ਟੁੱਟਿਆ ਰਿਕਾਰਡ, 24 ਘੰਟੇ 'ਚ 97 ਲੋਕਾਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜ਼ਾਰੀ ਹੈ। ਉੱਥੇ ਹੀ ਦੇਸ਼ ਵਿਚ ਸਭ ਤੋਂ ਪ੍ਰਭਾਵਿਤ ਇਲਾਕਾ ਮਹਾਂਰਾਸ਼ਟਰ ਦਾ ਹੈ।

Covid 19

 ਮੁੰਬਈ : ਦੇਸ਼ ਵਿਚ ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜ਼ਾਰੀ ਹੈ। ਉੱਥੇ ਹੀ ਦੇਸ਼ ਵਿਚ ਸਭ ਤੋਂ ਪ੍ਰਭਾਵਿਤ ਇਲਾਕਾ ਮਹਾਂਰਾਸ਼ਟਰ ਦਾ ਹੈ। ਜਿੱਥੇ ਪਿਛਲੇ 24 ਘੰਟੇ ਦੇ ਵਿਚ-ਵਿਚ 2091 ਨਵੇਂ ਕੇਸ ਦਰਜ਼ ਹੋਏ ਹਨ ਅਤੇ 97 ਲੋਕਾਂ ਦੀ ਇਸ ਵਿਚ ਮੌਤ ਹੋ ਚੁੱਕੀ ਹੈ। ਇਹ ਹੁਣ ਤੱਕ ਦਾ ਇੱਥੇ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਉੱਥੇ ਹੀ ਰਾਜ ਵਿਚ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 54 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ 1792 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੱਸ ਦੱਈਏ ਕਿ ਮੁੰਬਈ ਮਹਾਂ – ਰਾਸ਼ਟਰ ਵਿਚ ਕਰੋਨਾ ਵਾਇਰਸ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਜਿੱਥੇ ਪਿਛਲੇ 24 ਘੰਟੇ ਵਿਚ ਕਰੋਨਾ ਦੇ 1002 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 39 ਲੋਕਾਂ ਦੀ ਇਸ ਵਿਚ ਮੌਤ ਹੋ ਚੁੱਕੀ ਹੈ। ਜੇਕਰ ਮੁੰਬਈ ਵਿਚ ਕਰੋਨਾ ਦੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਇੱਥੇ ਇਸ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 32 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਅਤੇ 1065 ਲੋਕਾਂ ਦੀ ਇਸ ਵਿਚ ਮੌਤ ਹੋ ਚੁੱਕੀ ਹੈ।

ਦੱਸ ਦੱਈਏ ਕਿ ਮਹਾਂਰਾਸ਼ਟਰ ਵਿਚ ਇਸ ਸਮੇਂ 36 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਹਨ। ਇਸ ਤੋਂ ਇਲਾਵਾ 16 ਹਜ਼ਾਰ 954 ਮਰੀਜ਼ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਮਹਾਂਰਾਸ਼ਟਰ ਵਿਚ ਹੁਣ ਤੱਕ 3 ਲੱਖ 90 ਹਜ਼ਾਰ ਲੋਕਾਂ ਦਾ ਟੈਸਟ ਹੋ ਚੁੱਕਾ ਹੈ। ਜਿਨ੍ਹਾਂ ਵਿਚੋਂ 54 ਹਜ਼ਾਰ ਤੋਂ ਜ਼ਿਆਦਾ ਲੋਕ ਪੌਜਟਿਵ ਪਾਏ ਗਏ ਹਨ।

ਇਸ ਤੋਂ ਇਲਾਵਾ ਮਹਾਂਰਾਸ਼ਟਰ ਵਿਚ ਪੁਲਿਸ ਕਰਮਚਾਰੀ ਵੀ ਕਰੋਨਾ ਦੀ ਲਪੇਟ ਵਿਚ ਵੱਡੀ ਗਿਣਤੀ ਵਿਚ ਆ ਰਹੇ ਹਨ। ਬੀਤੇ 24 ਘੰਟੇ ਵਿਚ 90 ਪੁਲਿਸ ਕਰਮਚਾਰੀ ਇਸ ਵਾਇਰਸ ਦੀ ਲਪੇਟ ਵਿਚ ਆਏ ਹਨ ਅਤੇ ਹੁਣ ਤੱਕ ਇਸ ਦੀ ਲਪੇਟ ਵਿਚ ਆਉਂਣ ਵਾਲੇ ਕੁੱਲ ਪੁਲਿਸ ਕਰਮੀਆਂ ਦੀ ਗਿਣਤੀ 1889 ਤੱਕ ਪਹੁੰਚ ਗਈ ਹੈ।