CISF ਮੁਖੀ ਸੁਬੋਧ ਕੁਮਾਰ ਜੈਸਵਾਲ ਨੂੰ ਬਣਾਇਆ ਗਿਆ ਨਵਾਂ CBI ਡਾਇਰੈਕਟਰ
ਆਈਐਸਐਫ ਦੇ ਮੁਖੀ ਸੁਬੋਧ ਕੁਮਾਰ ਜੈਸਵਾਲ ਨੂੰ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਨਵੀਂ ਦਿੱਲੀ: ਸੀਆਈਐਸਐਫ ਦੇ ਮੁਖੀ ਸੁਬੋਧ ਕੁਮਾਰ ਜੈਸਵਾਲ ਨੂੰ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਵਿਚਾਲੇ ਹੋਈਆਂ ਕਈ ਬੈਠਕਾਂ ਤੋਂ ਬਾਅਦ ਸਰਕਾਰ ਵੱਲੋਂ ਸੁਬੋਧ ਕੁਮਾਰ ਜੈਸਵਾਲ ਦੀ ਸੀਬੀਆਈ ਮੁਖੀ ਵਜੋਂ ਨਿਯੁਕਤੀ ਦੀ ਸੂਚਨਾ ਜਾਰੀ ਕੀਤੀ ਗਈ।
ਸੁਬੋਧ ਜੈਸਵਾਲ 1895 ਬੈਚ ਦੇ ਮਹਾਰਾਸ਼ਟਰ ਕੈਡਰ ਦੇ ਆਈਪੀਐਸ ਅਧਿਕਾਰੀ ਹਨ। ਫਿਲਹਾਲ ਉਹ ਸੀਆਈਐਸਐਫ ਦੇ ਮੁਖੀ ਵਜੋਂ ਕੰਮ ਕਰ ਰਹੇ ਹਨ।ਦੱਸ ਦਈਏ ਕਿ ਇਸ ਸਮੇਂ 1988 ਬੈਚ ਦੇ ਆਈਪੀਐਸ ਅਧਿਕਾਰੀ ਅਤੇ ਸੀਬੀਆਈ ਦੇ ਐਡੀਸ਼ਨਲ ਨਿਰਦੇਸ਼ਕ ਪ੍ਰਵੀਨ ਸਿਨ੍ਹਾ ਸੀਬੀਆਈ ਡਾਇਰੈਕਟਰ ਦਾ ਅਹੁਦਾ ਸੰਭਾਲ ਰਹੇ ਹਨ।
ਸਿਨ੍ਹਾ ਨੂੰ ਇਹ ਅਹੁਦਾ ਰਿਸ਼ੀ ਕੁਮਾਰ ਸ਼ੁਕਲਾ ਦੀ ਸੇਵਾਮੁਕਤੀ ਤੋਂ ਬਾਅਦ ਸੌਂਪਿਆ ਗਿਆ ਹੈ। ਉਹ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸੇਵਾਮੁਕਤ ਹੋਏ ਸਨ। ਨਵੇਂ ਸੀਬੀਆਈ ਡਾਇਰੈਕਟਰ ਦੀ ਚੋਣ ਲਈ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਉੱਚ ਪੱਧਰੀ ਕਮੇਟੀ ਦੀ ਬੈਠਕ ਹੋਈ ਸੀ।
ਪ੍ਰਧਾਨ ਮੰਤਰੀ ਤੋਂ ਇਲਾਵਾ ਕਮੇਟੀ ਦੇ ਦੋ ਹੋਰ ਮੈਂਬਰ ਲੋਕ ਸਭਾ 'ਚ ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਤੇ ਭਾਰਤ ਦੇ ਪ੍ਰਧਾਨ ਜਸਟਿਸ ਐਨਵੀ ਰਮੰਨਾ ਵੀ ਬੈਠਕ 'ਚ ਹਾਜ਼ਰ ਸਨ। ਇਹ ਬੈਠਕ ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਹੋਈ।