IMA ਨੇ ਰਾਮਦੇਵ ਨੂੰ ਭੇਜਿਆ 1000 ਕਰੋੜ ਦਾ ਮਾਣਹਾਨੀ ਨੋਟਿਸ, 15 ਦਿਨ 'ਚ ਮੰਗਿਆ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਲੋਪੈਥੀ ਅਤੇ ਡਾਕਟਰਾਂ ’ਤੇ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ।

IMA sends a defamation notice of Rs 1000 Cr to Ramdev

ਨਵੀਂ ਦਿੱਲੀ: ਐਲੋਪੈਥੀ ਅਤੇ ਡਾਕਟਰਾਂ ’ਤੇ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਤਰਾਖੰਡ ਨੇ ਰਾਮਦੇਵ ਨੂੰ 1000 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ। ਨੋਟਿਸ ਵਿਚ ਰਾਮਦੇਵ ਨੂੰ ਅਗਲੇ 15 ਦਿਨਾਂ ਵਿਚ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ’ ਤੇ ਉਹਨਾਂ ਕੋਲੋਂ ਇਕ ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਆਈਐਮਏ (ਉਤਰਾਖੰਡ) ਦੇ ਸਕੱਤਰ ਅਜੈ ਖੰਨਾ ਨੇ ਅਪਣੇ ਵਕੀਲ ਨੀਰਜ ਪਾਂਡੇ ਜ਼ਰੀਏ ਛੇ ਪੰਨਿਆਂ ਦਾ ਨੋਟਿਸ ਰਾਮਦੇਵ ਨੂੰ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਰਾਮਦੇਵ ਦੀਆਂ ਟਿੱਪਣੀਆਂ ਨੇ ਐਲੋਪੈਥੀ ਅਤੇ ਆਈਐਮਏ ਨਾਲ ਜੁੜੇ 2000 ਤੋਂ ਜ਼ਿਆਦਾ ਡਾਕਟਰਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।

ਰਾਮਦੇਵ ਦੇ ਬਿਆਨਾਂ ਨੂੰ ਆਈਪੀਸੀ ਦੀ ਧਾਰਾ 499 ਦੇ ਤਹਿਤ ‘ਅਪਰਾਧਿਕ ਕਾਰਜ’ ਦੱਸਦੇ ਹੋਏ ਨੋਟਿਸ ਵਿਚ ਕਿਹਾ ਗਿਆ ਕਿ ਇਸ ਦੇ ਪ੍ਰਾਪਤ ਹੋਣ ਤੋਂ ਬਾਅਦ 15 ਦਿਨਾਂ ਵਿਚ ਲਿਖਤੀ ਮੁਆਫੀ ਮੰਗੀ ਜਾਵੇ ਨਹੀਂ ਤਾਂ ਆਈਐਮਏ ਦੇ ਹਰੇਕ ਮੈਂਬਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਜਿਸ ਦੀ ਕੁੱਲ ਰਕਮ 1000 ਕਰੋੜ ਬਣਦੀ ਹੈ।

ਨੋਟਿਸ ਵਿਚ ਇਹ ਵੀ ਕਿਹਾ ਗਿਆ ਕਿ ਰਾਮਦੇਵ ਅਪਣੇ ਅਰੋਪਾਂ ਨੂੰ ਗਲਤ ਦੱਸਦੇ ਹੋਏ ਇਕ ਵੀਡੀਓ ਕਲਿੱਪ ਬਣਾਉਣ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਅਪਲੋਡ ਕਰਨ, ਜਿਨ੍ਹਾਂ ’ਤੇ ਦੋਸ਼ਾਂ ਵਾਲਾ ਵੀਡੀਓ ਸ਼ੇਅਰ ਕੀਤਾ ਸੀ। ਇਸ ਦੇ ਨਾਲ ਹੀ ਸਾਰੀਆਂ ਥਾਵਾਂ ਤੋਂ ‘ਕੋਰੋਨਿਲ ਕਿੱਟ’ ਨੂੰ ਕੋਵਿਡ ਦੀ ਦਵਾਈ ਦੱਸਣ ਵਾਲੇ ‘ਗੁੰਮਰਾਹਕੁੰਨ’ ਇਸ਼ਤਿਹਾਰ ਨੂੰ ਹਟਾਉਣ ਲਈ ਵੀ ਕਿਹਾ ਗਿਆ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਮਦੇਵ ਨੇ ਬਿਆਨ ਦਿੱਤਾ ਸੀ ਕਿ ਐਲੋਪੈਥਿਕ ਦਵਾਈਆਂ ਖਾਣ ਨਾਲ ਲੱਖਾਂ ਲੋਕਾਂ ਦੀ ਮੌਤ ਹੋਈ ਹੈ। ਉਹਨਾਂ ਨੇ ਐਲੋਪੈਥੀ ਨੂੰ ‘ਬਕਵਾਸ’ ਅਤੇ ‘ਦੀਵਾਲੀਆ ਸਾਇੰਸ’ ਕਿਹਾ ਸੀ। ਇਸ ’ਤੇ ਵਿਵਾਦ ਵਧਣ ’ਤੇ ਸਿਹਤ ਮੰਤਰੀ ਦੇ ਇਤਰਾਜ਼ ਤੋਂ ਬਾਅਦ ਉਹਨਾਂ ਨੇ ਅਪਣਾ ਬਿਆਨ ਵਾਪਸ ਲੈ ਲਿਆ ਸੀ।