18000 ਰੁਪਏ ਵਿਚ ਵਿਅਕਤੀ ਨੇ ਇਕੱਲਿਆਂ ਕੀਤਾ ਮੁੰਬਈ ਤੋਂ ਦੁਬਈ ਤੱਕ ਦਾ ਹਵਾਈ ਸਫ਼ਰ
360 ਸੀਟਾਂ ਵਾਲੇ ਜਹਾਜ਼ ਨੇ ਸਿਰਫ਼ ਇਕ ਯਾਤਰੀ ਨਾਲ ਮੁੰਬਈ ਤੋਂ ਦੁਬਈ ਲਈ ਭਰੀ ਉਡਾਣ
ਮੁੰਬਈ: ਭਾਰਤੀ ਯਾਤਰੀਆਂ ’ਤੇ ਯੂਏਈ ਦੀਆਂ ਕੋਵਿਡ-19 ਪਾਬੰਧੀਆਂ ਦੇ ਚਲਦਿਆਂ ਅਮੀਰਾਤ ਏਅਰਲਾਈਮਜ਼ ਦੇ 360 ਸੀਟਾਂ ਵਾਲੇ ਜਹਾਜ਼ ਬੋਇੰਗ 777 ਨੇ ਇਕ ਯਾਤਰੀ ਨਾਲ ਮੁੰਬਈ ਤੋਂ ਦੁਬਈ ਲਈ ਉਡਾਣ ਭਰੀ। ਇਕੱਲੇ ਉਡਾਣ ਭਰਨ ਵਾਲੇ 40 ਸਾਲਾ ਭਾਵੇਸ਼ ਜਾਵੇਰੀ ਨੇ ਇਸ ਉਡਾਣ ਲਈ ਸਿਰਫ਼ 18 ਹਜ਼ਾਰ ਰੁਪਏ ਵਿਚ ਟਿਕਟ ਖਰੀਦੀ। ਭਾਵੇਸ਼ ਜਾਵੇਰੀ ਨੇ ਅਪਣੀ ਇਸ ਯਾਤਰਾ ਨੂੰ ‘ਹੁਣ ਤੱਕ ਦੀ ਸਭ ਤੋਂ ਵਧੀਆ ਉਡਾਣ’ ਦੱਸਿਆ ਹੈ।
ਖ਼ਬਰਾਂ ਮੁਤਾਬਕ ਭਾਵੇਸ਼ ਜਾਵੇਰੀ ਨੇ ਦੱਸਿਆ, ‘ਜਦੋਂ ਮੈਂ ਜਹਾਜ਼ ਵਿਚ ਚੜ੍ਹਿਆ ਤਾਂ ਏਅਰ ਹੋਸਟੇਸ ਨੇ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਕਮਾਂਡਰ ਨੇ ਖੁਦ ਆ ਕੇ ਮੇਰੇ ਨਾਲ ਗੱਲ ਕੀਤੀ। ਮੈਂ ਪਿਛਲੇ ਦੋ ਦਹਾਕਿਆਂ ਤੋਂ 240 ਤੋਂ ਵੀ ਜ਼ਿਆਦਾ ਹਵਾਈ ਯਾਤਰਾਵਾਂ ਕੀਤੀਆਂ ਹਨ ਪਰ ਇਹ ਸਭ ਤੋਂ ਸ਼ਾਨਦਾਰ ਅਤੇ ਅਨੋਖੀ ਯਾਤਰਾ ਰਹੀ’।
ਇਸ ਯਾਤਰਾ ਦੌਰਾਨ ਭਾਵੇਸ਼ ਜਾਵੇਰੀ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ। ਇੰਡੀਅਨ ਏਅਰਕ੍ਰਾਫਟ ਚਾਰਟਰ ਇੰਡਸਟਰੀ ਦੇ ਅਪਰੇਟਰ ਨੇ ਦੱਸਿਆ ਕਿ ਮੁੰਬਈ-ਦੁਬਈ ਰੂਟ ’ਤੇ ਬੋਇੰਗ 777 ਜਹਾਜ਼ ਬੁੱਕ ਕਰਕੇ ਜਾਣ ਲਈ 70 ਲੱਖ ਰੁਪਏ ਦਾ ਖਰਚ ਆਉਂਦਾ ਹੈ ਜਦਕਿ ਸਿਰਫ ਇਕ ਪਾਸੇ ਦੇ ਫਿਊਲ ਦਾ ਖਰਚਾ ਕਰੀਬ 8 ਲੱਖ ਰੁਪਏ ਆਉਂਦਾ ਹੈ।
ਦੱਸ ਦਈਏ ਕਿ ਭਾਵੇਸ਼ ਜਾਵੇਰੀ ਗੋਲਡਨ ਵੀਜ਼ਾ ਹੋਲਡਰ ਹਨ, ਜਿਸ ਦੇ ਚਲਦਿਆਂ ਉਹਨਾਂ ਨੂੰ ਇਹ ਸਹੂਲਤ ਮਿਲੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਜਾਰੀ ਪਾਬੰਧੀਆਂ ਦੇ ਚਲਦਿਆਂ ਅਜਿਹਾ ਹੋਇਆ ਹੈ। ਇਸ ਦੌਰਾਨ ਸਿਰਫ਼ ਯੂਏਈ ਦੇ ਨਾਗਰਿਕ, ਯੂਏਈ ਗੋਲਡਨ ਵੀਜ਼ਾ ਧਾਰਕ ਅਤੇ ਡਿਪਲੋਮੈਟਿਕ ਮਿਸ਼ਨ ਨਾਲ ਜੁੜੇ ਲੋਕ ਹੀ ਭਾਰਤ ਤੋਂ ਯੂਏਈ ਦੀ ਯਾਤਰਾ ਕਰ ਸਕਦੇ ਹਨ।