ਸੁਸ਼ੀਲ ਕੁਮਾਰ ਦਾ ਸਾਥ ਦੇਣ ਵਾਲੇ ਕਾਲਾ ਅਸੌਦਾ-ਨੀਰਜ ਬਵਾਨਾ ਗੈਂਗ ਦੇ ਚਾਰ ਮੈਂਬਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲਵਾਨ ਸਾਗਰ ਹੱਤਿਆਕਾਂਡ ਮਾਮਲੇ ਵਿਚ ਦਿੱਲੀ ਪੁਲਿਸ ਨੇ ਸੁਸ਼ੀਲ ਕੁਮਾਰ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Wrestler Sushil Kumar's Associates Arrested

ਨਵੀਂ ਦਿੱਲੀ: ਪਹਿਲਵਾਨ ਸਾਗਰ ਹੱਤਿਆਕਾਂਡ ਮਾਮਲੇ ਵਿਚ ਦਿੱਲੀ ਪੁਲਿਸ ਨੇ ਸੁਸ਼ੀਲ ਕੁਮਾਰ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਚਾਰ ਵਿਅਕਤੀ ਕਾਲਾ ਅਸੌਦਾ-ਨੀਰਜ ਬਵਾਨਾ ਗੈਂਗ ਦੇ ਮੈਂਬਰ ਹਨ। ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਨੂੰ 25/26 ਮਈ ਦੀ ਰਾਤ, ਦਿੱਲੀ ਦੇ ਕੰਝਾਵਲਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹਨਾਂ ਚਾਰਾਂ ’ਤੇ ਪਹਿਲਵਾਨ ਸਾਗਰ ਦੀ ਹੱਤਿਆ ਵਿਚ ਸੁਸ਼ੀਲ ਦਾ ਸਾਥ ਦੇਣ ਦਾ ਅਰੋਪ ਹੈ। ਇਸ ਮਾਮਲੇ ਵਿਚ ਇਹਨਾਂ ਚਾਰਾਂ ਖ਼ਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਝੱਜਰ ਦੇ ਗੈਂਗਸਟਰ ਭੁਪਿੰਦਰ ਉਰਫ ਭੁਪੀ, ਮੋਹਿਤ, ਗੁਲਾਬ ਪਹਿਲਵਾਨ ਅਤੇ ਰੋਹਤਕ ਦੇ ਮਨਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਵਿਚ ਇਹਨਾਂ ਲੋਕਾਂ ਨੇ ਉਸ ਰਾਤ ਵਾਪਰੀ ਸਾਰੀ ਘਟਨਾ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਉਹ ਸਾਗਰ ਹੱਤਿਆਕਾਂਡ ਵਿਚ ਸ਼ਾਮਲ ਸੀ ਅਤੇ ਉਸ ਰਾਤ ਉਹ ਪੁਲਿਸ ਦੀ ਗੱਡੀ ਦੀ ਆਵਾਜ਼ ਸੁਣ ਕੇ ਭੱਜ ਗਏ ਸੀ। ਸਾਗਰ ਦੀ ਹੱਤਿਆ ਦੇ ਦੋਸ਼ ਵਿਚ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ 23 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ।

ਦੱਸ ਦਈਏ ਕਿ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ ’ਤੇ ਯੁਵਾ ਪਹਿਲਵਾਨ ਸਾਗਰ ਧਨਖੜ ਦੇ ਕਤਲ ਕਾਂਡ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ 5 ਮਈ ਨੂੰ ਮਾਡਲ ਟਾਊਨ ਥਾਣਾ ਖੇਤਰ ’ਚ ਛਤਰਸਾਲ ਸਟੇਡੀਅਮ ’ਚ ਫ਼ਲੈਟ ਖ਼ਾਲੀ ਕਰਾਉਣ ਨੂੰ ਲੈ ਕੇ ਪਹਿਲਵਾਨਾਂ ਦੇ ਦੋ ਗੁੱਟ ਆਪਸ ’ਚ ਭਿੜ ਗਏ ਸਨ, ਜਿਸ ’ਚ ਪੰਜ ਪਹਿਲਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ, ਗੰਭੀਰ ਤੌਰ ’ਤੇ ਜ਼ਖਮੀ ਯੁਵਾ ਪਹਿਲਵਾਨ ਸਾਗਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।