ਦੇਸ਼ ਲਈ ਖ਼ਿਤਾਬ ਜਿੱਤ ਕੇ ਪਿਤਾ ਦੀ ਮੌਤ ਤੋਂ ਬਾਅਦ ਘਰ ਪਰਤੀ ਸਿਆਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਹਾਕੀ ਟੀਮ ਦੀ 19 ਸਾਲਾ ਖਿਡਾਰਨ ਲਾਲਰੇਮਸਿਆਮੀ ਨੂੰ ਲੋਕ ਸੋਸ਼ਲ ਮੀਡੀਆ ‘ਤੇ ਕਾਫ਼ੀ ਪਿਆਰ ਦੇ ਰਹੇ ਹਨ।

Lalremsiami with her mother

ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਦੀ 19 ਸਾਲਾ ਖਿਡਾਰਨ ਲਾਲਰੇਮਸਿਆਮੀ ਨੂੰ ਲੋਕ ਸੋਸ਼ਲ ਮੀਡੀਆ ‘ਤੇ ਕਾਫ਼ੀ ਪਿਆਰ ਦੇ ਰਹੇ ਹਨ। ਹਿਰੋਸ਼ਿਮਾ ਵਿਚ ਐਫਆਈਐਚ ਵੂਮੈਨ ਸੀਰੀਜ਼ ਫਾਈਨਲ ਵਿਚ ਖੇਡਣ ਦੌਰਾਨ ਮਿਜ਼ੋਰਮ ਦੀ ਰਹਿਣ ਵਾਲੀ ਇਸ ਖਿਡਾਰਨ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਹ ਅਪਣੇ ਪਿਤਾ ਦੇ ਅੰਤਿਮ ਸਸਕਾਰ ਵਿਚ ਵੀ ਸ਼ਾਮਲ ਨਹੀਂ ਹੋ ਸਕੀ। ਭਾਰਤ ਨੇ ਪਹਿਲਾਂ 4-2 ਨਾਲ ਚਿੱਲੀ ਨੂੰ ਹਰਾਇਆ ਅਤੇ ਫਿਰ ਫਾਈਨਲ ਵਿਚ ਜਪਾਨ ਨੂੰ 3-1 ਨਾਲ ਮਾਤ ਦੇ ਕੇ ਜਿੱਤ ਦਰਜ ਕੀਤੀ।

ਪਿਤਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਨਾ ਹੋ ਕੇ ਲਾਲਰੇਮਸਿਆਮੀ ਦਾ ਫਾਈਨਲ ਮੈਚ ਖੇਡਣਾ ਇਕ ਮਿਸਾਲ ਬਣ ਗਿਆ ਹੈ। ਲਾਲਰੇਮਸਿਆਮੀ ਮੰਗਲਵਾਰ ਨੂੰ ਜਦੋਂ ਅਪਣੇ ਘਰ ਪਹੁੰਚੀ ਤਾਂ ਉਸ ਦੇ ਘਰ ਦਾ ਮਾਹੌਲ ਬਹੁਤ ਹੀ ਭਾਵੁਕ ਹੋ ਗਿਆ। ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਲਾਲਰੇਮਸਿਆਮੀ ਦੇ ਪਿਤਾ ਦੀ ਮੌਤ ਹੋ ਗਈ ਸੀ। ਅਜਿਹੇ ਮੁਸ਼ਕਲ ਸਮੇਂ ਵਿਚ ਲਾਲਰੇਮਸਿਆਮੀ ਨੇ ਅਪਣੇ ਪਿਤਾ ਦੇ ਸਸਕਾਰ ‘ਤੇ ਨਾ ਜਾਣ ਦਾ ਫੈਸਲਾ ਕੀਤਾ ਅਤੇ ਉਹ ਦੇਸ਼ ਲਈ ਬਹੁਤ ਬਹਾਦਰੀ ਨਾਲ ਖੇਡੀ।

 


 

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਮੈਚ ਦੀ ਜਿੱਤ ਲਾਲਰੇਮਸਿਆਮੀ ਦੇ ਪਿਤਾ ਨੂੰ ਸਮਰਪਿਤ ਕੀਤੀ ਹੈ। ਲਾਲਰੇਮਸਿਆਮੀ ਮੰਗਲਵਾਰ ਨੂੰ ਜਦੋਂ ਅਪਣੇ ਘਰ ਪਹੁੰਚੀ ਤਾਂ ਉਹ ਖੁਦ ਨੂੰ ਰੋਕ ਨਾ ਸਕੀ ਅਤੇ ਅਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗੀ। ਉਸ ਸਮੇਂ ਮਿਜ਼ੋਰਮ ਸਰਕਾਰ ਦੇ ਅਧਿਕਾਰੀ ਅਤੇ ਪਿੰਡ ਦੇ ਸਾਰੇ ਲੋਕ ਉਥੇ ਮੌਜੂਦ ਸਨ। ਲਾਲਰੇਮਸਿਆਮੀ ਨੂੰ ਉਸ ਦੇ ਸਾਥੀ ਸਿਆਮੀ ਨਾਂਅ ਨਾਲ ਬੁਲਾਉਂਦੇ ਹਨ।

 


 

ਲਾਲਰੇਮਸਿਆਮੀ ਦੀ ਖੇਡ ਪ੍ਰਤੀ ਲਗਨ ਨੂੰ ਦੇਖਦੇ ਹੋਏ ਕੇਂਦਰੀ ਖੇਡ ਮੰਤਰੀ ਕਿਰਣ ਰਿਜਿਜੂ ਨੇ ਟਵਿਟਰ ‘ਤੇ ਕਿਹਾ ਕਿ ਲਾਲਰੇਮਸਿਆਮੀ ਦੇ ਪਿਤਾ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਹਿਰੋਸ਼ਿਮਾ ਵਿਚ ਸੈਮੀਫਾਈਨਲ ਖੇਡ ਰਹੀ ਸੀ। ਉਹਨਾਂ ਦੇ ਕੋਚ ਨੇ ਪ੍ਰੈੱਸ ਨੂੰ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਇਸ ਘਾਟੇ ਦਾ ਸਾਹਮਣਾ ਕਰਨਾ ਅਸਾਨ ਨਹੀਂ ਹੈ। ਪਰ ਇਸ ਦੇ ਬਾਵਜੂਦ ਵੀ ਲਾਲਰੇਮਸਿਆਮੀ ਨੇ ਬਹੁਤ ਹੌਂਸਲਾ ਦਿਖਾਇਆ। ਉਹਨਾਂ ਨੇ ਇਹ ਜਿੱਤ ਲਾਲਰੇਮਸਿਆਮੀ ਦੇ ਪਿਤਾ ਨੂੰ ਸਮਰਪਿਤ ਕੀਤੀ।