ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ FIH ਸੀਰੀਜ਼ ਫ਼ਾਈਨਲਜ਼ ਦਾ ਖ਼ਿਤਾਬ

ਏਜੰਸੀ

ਖ਼ਬਰਾਂ, ਖੇਡਾਂ

ਫ਼ਾਈਨਲ ਮੁਕਾਬਲੇ 'ਚ ਜਾਪਾਨ ਨੂੰ 3-1 ਨਾਲ ਹਰਾਇਆ

India beats Japan 3-1 to win FIH Series Finals

ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਨੇ ਐਫ਼.ਆਈ.ਐਚ. ਸੀਰੀਜ਼ ਫ਼ਾਈਨਲਜ਼ (FIH) ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਇਸ ਲੜੀ ਦੇ ਫ਼ਾਈਨਲ ਮੁਕਾਬਲੇ 'ਚ ਜਾਪਾਨ ਨੂੰ 3-1 ਨਾਲ ਹਰਾਇਆ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ  ਭਾਰਤੀ ਟੀਮ ਨਵੰਬਰ 'ਚ ਹੋਣ ਵਾਲੇ ਓਲੰਪਿਕ ਕੁਆਲੀਫ਼ਾਇਰ ਲਈ ਵੀ ਕੁਆਲੀਫ਼ਾਈ ਕਰ ਚੁੱਕੀ ਹੈ। ਐਤਵਾਰ ਨੂੰ ਹਿਰੋਸ਼ਿਮਾ 'ਚ ਖ਼ਿਤਾਬੀ ਮੁਕਾਬਲੇ ਵਿਚ ਭਾਰਤ ਵੱਲੋਂ ਰਾਨੀ ਰਾਮਪਾਲ ਨੇ ਤੀਜੇ, ਗੁਰਜੀਤ ਕੌਰ ਨੇ 45ਵੇਂ ਤੇ 60ਵੇਂ ਮਿੰਟ 'ਚ ਗੋਲ ਕੀਤੇ। ਉਥੇ ਹੀ ਜਾਪਾਨ ਵੱਲੋਂ ਕਾਨੋਨ ਨੇ 11ਵੇਂ ਮਿੰਟ 'ਚ ਗੋਲ ਕੀਤਾ।

ਹਾਕੀ ਇੰਡੀਆ ਨੇ ਇਸ ਜਿੱਤ ਤੋਂ ਬਾਅਦ ਆਪਣੇ ਅਧਿਕਾਰਕ ਟਵਿਟਰ ਹੈਂਡਲ 'ਤੇ ਟਵੀਟ ਕਰਦਿਆਂ ਲਿਖਿਆ, "ਭਾਰਤ ਨੇ ਮੈਚ 'ਚ ਪਕੜ ਬਣਾਏ ਰੱਖੀ ਅਤੇ ਜਾਪਾਨ ਵਿਰੁੱਧ ਨਹੂੰ ਚੱਬਣ ਵਾਲੇ ਮੁਕਾਬਲੇ 'ਚ ਗੁਰਜੀਤ ਦੇ ਸ਼ਾਨਦਾਰ ਖੇਡ ਦੀ ਬਦੌਲਤ ਫ਼ਾਈਨਲ ਮੁਕਾਬਲੇ 'ਚ ਇਕ ਯਾਦਗਾਰ ਜਿੱਤ ਦਰਜ ਕੀਤੀ।"

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ ਇਸ ਮੁਤਾਬਲੇ ਦੇ ਸੈਮੀਫ਼ਾਈਨਲ ਮੈਚ 'ਚ ਚਿਲੀ ਨੂੰ 4-2 ਨਾਲ ਹਰਾ ਕੇ ਫ਼ਾਈਨਲ 'ਚ ਥਾਂ ਬਣਾਈ ਸੀ। ਦੱਸ ਦੇਈਏ ਕਿ FIH ਸੀਰੀਜ਼ ਫ਼ਾਈਨਲਜ਼ ਦੀਆਂ ਟਾਪ ਦੋ ਟੀਮਾਂ ਸਾਲ ਦੇ ਅੰਤ 'ਚ ਹੋਣ ਵਾਲੀ 2020 ਓਲੰਪਿਕ ਕੁਆਲੀਫ਼ਾਇਰ ਦੇ ਅੰਤਮ ਦੌਰ ਲਈ ਕੁਆਲੀਫ਼ਾਈ ਕਰਨਾ ਹੈ।