ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ ਅਤੇ ਯੂ.ਪੀ. 'ਚ 110 ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ

Lightning

ਪਟਨਾ  : ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ 'ਚ ਵੀਰਵਾਰ ਨੂੰ 23 ਜ਼ਿਲ੍ਹਿਆਂ 'ਚ 83 ਅਤੇ ਯੂ.ਪੀ. ਵਿਚ 27 ਲੋਕਾਂ ਦੀ ਮੌਤ ਦੀ ਖ਼ਬਰ ਹੈ। ਮੌਤਾਂ ਦਾ ਅੰਕੜਾ 110 ਪਹੁੰਚ ਗਿਆ ਹੈ। ਗੋਪਾਲਗੰਜ  ਸਿਵਾਨ, ਮਧੁਬਨੀ, ਮੋਤੀਹਾਰੀ, ਦਰਭੰਗਾ ਅਤੇ ਹੋਰ ਜ਼ਿਲ੍ਹਿਆਂ ਵਿਚ ਬਿਜਲੀ ਡਿੱਗਣ ਕਾਰਨ 83 ਲੋਕਾਂ ਦੀ ਮੌਤ ਹੋ ਗਈ ਹੈ।

ਇਨ੍ਹਾਂ ਵਿਚੋਂ ਗੋਪਾਲਗੰਜ ਵਿਚ 14, ਸਿਵਾਨ ਵਿਚ ਪੰਜ, ਮਧੂਬਨੀ ਅਤੇ ਨਵਾਦਾ 'ਚ 8-8, ਸੀਵਾਨ-ਭਾਗਲਪੁਰ 'ਚ 6-6, ਮੋਤੀਹਾਰੀ ਵਿਚ ਦੋ ਅਤੇ ਦਰਭੰਗ ਵਿਚ ਇਕ ਦੀ ਮੌਤ ਹੋਈ ਹੈ ਅਤੇ ਬਾਕੀ ਮ੍ਰਿਤਕਾਂ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹੇ ਵਿਚ 12 ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਪਾਲਗੰਜ ਵਿਚ ਮਰਨ ਵਾਲੇ ਸਾਰੇ ਲੋਕ ਬਰੌਲੀ, ਮਾਂਝਾ, ਵਿਜੈਪੁਰਾ, ਉਚਾਗਾਉਂ ਅਤੇ ਕਟੀਆ ਇਲਾਕਿਆਂ ਦੇ ਵਸਨੀਕ ਹਨ।

ਦਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਿਸਾਨ ਹਨ ਅਤੇ ਝੋਨਾ ਲਾਉਣ ਲਈ ਗਏ ਸਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 4 ਲੱਖ ਰੁਪਏ  ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਗੋਪਾਲਗੰਜ ਸਦਰ ਦੇ ਐਸਡੀਐਮ ਉਪੇਂਦਰ ਪਾਲ ਨੇ ਦਸਿਆ ਕਿ ਸਦਰ ਉਪ ਮੰਡਲ ਵਿਚ ਬਿਜਲੀ ਡਿੱਗਣ ਕਾਰਨ ਹੁਣ ਤਕ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਠੂਆ ਉਪ ਮੰਡਲ
ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਤੇਜ਼ ਮੀਂਹ ਦੇ ਨਾਲ ਬਿਜਲੀ ਵੀ ਗਰਜ ਰਹੀ ਸੀ, ਇਥੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਕਿਸਾਨ ਖੇਤਾਂ ਵਿਚ ਕੰਮ ਕਰ ਰਹੇ ਸਨ। ਉਸੇ ਸਮੇਂ ਬਿਜਲੀ ਡਿੱਗਣ ਨਾਲ ਉਹ ਹਾਦਸੇ ਦਾ ਸ਼ਿਕਾਰ ਹੋ ਗਏ।  ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਬਰੌਲੀ ਵਿਚ 4, ਮਾਂਝਾਗੜ੍ਹ ਵਿਚ 2, ਬੈਕੁੰਠਪੁਰ ਵਿਚ 1, ਉਚਕਾਗਾਉਂ, ਕਟੇਆ ਅਤੇ ਵਿਜੇਪੁਰਮ ਵਿਚ 1-1 ਦੀ ਮੌਤ ਹੋ ਗਈ ਹੈ ਜਿਸ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।

ਇਸ ਦੇ ਨਾਲ ਹੀ ਸੀਵਾਨ 'ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਲੋਕ ਜ਼ਖ਼ਮੀ ਹਨ। ਜ਼ਖ਼ਮੀਆਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਥੇ ਵੀ ਮ੍ਰਿਤਕ ਖੇਤ ਵਿਚ ਝੋਨਾ ਲਾ ਰਹੇ ਸਨ। ਸੀਵਾਨ ਦੇ ਹੁਸੈਨਗੰਜ ਬਲਾਕ ਦੇ ਸੰਨੀ ਕੁਮਾਰ, ਸ਼ੰਭੂ ਰਾਮ, ਬਧਾਰੀਆ ਬਲਾਕ ਦੀ ਪਾਰਵਤੀ ਦੇਵੀ, ਮਾਰਵਾ ਬਲਾਕ ਦੇ ਦੁਰਗੇਸ਼ ਕੁਮਾਰ ਅਤੇ ਹਸਨਪੁਰਾ ਬਲਾਕ ਦੇ ਬਿਪੁਲ ਕੁਮਾਰ ਦੀ ਮੌਤ ਹੋ ਗਈ ਹੈ।

ਮਧੂਬਨੀ ਦੇ ਥਾਣਾ ਫੂਲਪਾਰਸ ਦੇ ਬੇਲਾਹਾ ਪਿੰਡ ਵਿਚ ਬਿਜਲੀ ਡਿੱਗਣ ਕਾਰਨ ਪਤੀ ਅਤੇ ਪਤਨੀ ਦੀ ਮੌਤ ਹੋ ਗਈ। ਇਹ ਹਾਦਸਾ ਖੇਤਾਂ ਵਿਚ ਕੰਮ ਕਰਨ ਦੌਰਾਨ ਵਾਪਰਿਆ। ਇਸ ਦੇ ਨਾਲ ਹੀ ਦਰਭੰਗਾ 'ਚ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਦੋ ਬੁਰੀ ਤਰ੍ਹਾਂ ਜ਼ਖ਼ਮੀ ਹਨ।