ਬਾਬਾ ਰਾਮਦੇਵ 'ਤੇ ਮੰਤਰੀ ਦਾ ਤੰਜ:ਅਖੇ, ਬਾਬਾ ਰਾਮਦੇਵ ਤਾਂ ਮਰੇ ਵਿਅਕਤੀ ਨੂੰ ਵੀ ਜਿੰਦਾ ਕਰ ਸਕਦੇ ਹਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਬਾ ਰਾਮਦੇਵ ਦੇ ਦਵਾਈ ਸਬੰਧੀ ਦਾਅਵਿਆਂ 'ਤੇ ਉਂਗਲਾਂ ਉਠਣੀਆਂ ਸ਼ੁਰੂ

UDH Minister Shanti Dhariwal

ਕੋਟਾ : ਯੋਗ ਗੁਰੂ ਬਾਬਾ ਰਾਮਦੇਵ ਇੰਨੀ ਦਿਨੀਂ ਪਤੰਜਲੀ ਵਲੋਂ ਜਾਰੀ ਕੀਤੀ ਗਈ ਕਰੋਨਾ ਵਾਇਰਸ ਦੀ ਦਵਾਈ ਕੋਰੋਨਿਲ ਕਾਰਨ ਸੁਰਖੀਆਂ ਵਿਚ ਹਨ। ਉਨ੍ਹਾਂ ਨੇ ਜਿਸ ਤੇਜ਼ੀ ਨਾਲ ਇਹ ਦਵਾਈ ਬਾਜ਼ਾਰ ਵਿਚ ਉਤਾਰੀ, ਉਸ ਨੂੰ ਲੈ ਕੇ ਦਵਾਈ ਬਣਾਉਣ ਵਾਲੀਆਂ ਵੱਡੀਆਂ ਵੱਡੀਆਂ ਦਿਗਜ਼ ਕੰਪਨੀਆਂ ਵੀ ਹੈਰਾਨ-ਪ੍ਰੇਸ਼ਾਨ ਸਨ। ਹੁਣ ਜਦੋਂ ਉਨ੍ਹਾਂ ਦੀ ਇਸ ਦਵਾਈ ਦੇ ਪ੍ਰਚਾਰ 'ਤੇ ਰੋਕ ਲੱਗ ਚੁੱਕੀ ਹੈ, ਬਾਬਾ ਰਾਮਦੇਵ ਬਾਰੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਕੁਮੈਂਟ ਸਾਹਮਣੇ ਆ ਰਹੇ ਹਨ।

ਇਸੇ ਦੌਰਾਨ ਰਾਜਸਥਾਨ ਸਰਕਾਰ 'ਚ ਯੂਡੀਐਚ ਮੰਤਰੀ ਸ਼ਾਂਤੀ ਧਾਰੀਵਾਲ ਨੇ ਵੀ ਬਾਬਾ ਰਾਮਦੇਵ 'ਤੇ ਤੰਜ ਕਸਦਿਆਂ ਕਿਹਾ ਕਿ ਬਾਬਾ ਰਾਮਦੇਵ ਪਾਸ ਤਾਂ ਹਰ ਮਰਜ਼ ਦੀ ਦਵਾਈ ਹੈ, ਉਹ ਤਾਂ ਮਰੇ ਵਿਅਕਤੀ ਨੂੰ ਵੀ ਜਿੰਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਦਵਾਈ ਤਾਂ ਬਾਬਾ ਰਾਮਦੇਵ ਕੋਲ ਹੀ ਹੋ ਸਕਦੀ ਹੈ। ਕਰੋਨਾ ਵਾਇਰਸ ਦੇ ਇਲਾਜ ਸਬੰਧੀ ਪਤੰਜਲੀ ਵਲੋਂ ਜਦੋਂ ਦੀ ਕੋਰੋਨਿਲ ਦਵਾਈ ਬਾਜ਼ਾਰ ਵਿਚ ਉਤਾਰੀ ਗਈ ਹੈ, ਉਦੋਂ ਤੋਂ ਯੋਗ ਗੁਰੂ ਰਾਮਦੇਵ ਸੁਰਖੀਆਂ ਵਿਚ ਹਨ।

ਰਾਜਸਥਾਨ ਵਿਚ ਉਨ੍ਹਾਂ ਦੀ ਦਵਾਈ ਦੇ ਕਲੀਨੀਕਲ ਟਰਾਇਲ ਹੋਇਆ ਹੈ ਜਾਂ ਨਹੀਂ, ਇਸਨ੍ਹੂੰ ਲੈ ਕੇ ਵੀ ਵਿਵਾਦ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਰਾਜਸਥਾਨ ਤੇ ਸਿਹਤ ਮੰਤਰੀ ਡਾ. ਰਘੁ ਸ਼ਰਮਾ ਵੀ ਬਾਬਾ ਰਾਮਦੇਵ ਦੇ ਦਵਾਈ ਸਬੰਧੀ ਦਾਅਵੇ ਬਾਰੇ ਸਖ਼ਤ ਟਿੱਪਣੀ ਕਰ ਚੁੱਕੇ ਹਨ। ਹੁਣ ਸੂਬੇ ਦੇ ਯੂਡੀਐਚ ਮੰਤਰੀ ਸ਼ਾਂਤੀ ਧਾਰੀਵਾਲ ਦਾ ਬਾਬਾ ਰਾਮਦੇਵ ਦੀ ਕੋਰੋਨਿਲ ਦਵਾਈ ਬਾਰੇ ਦਿਤਾ ਗਿਆ ਉਪਰੋਕਤ ਵਿਵਾਦਤ ਬਿਆਨ ਵੀ ਵਾਇਰਲ ਹੋ ਰਿਹਾ ਹੈ।

ਕੋਰੋਨਿਲ ਦੀ ਲਾਂਚਿੰਗ ਮੌਕੇ ਸ਼ਾਮਲ ਬੀਐੱਸ ਤੋਮਰ ਨੇ ਵੀ ਮਾਰੀ ਪਲਟੀ : ਕੋਰੋਨਾ ਵਾਇਰਸ ਦੀ ਦਵਾਈ ਨੂੰ ਬਜ਼ਾਰ ਉਤਾਰ ਕੇ ਦੁਨੀਆਂ ਭਰ ਅੰਦਰ ਤਰਥੱਲੀ ਮਚਾਉਣ ਵਾਲੇ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਆਉਂਦੇ ਸਮੇਂ 'ਚ ਹੋਰ ਵੱਧਣ ਦੇ ਅਸਾਰ ਬਣਦੇ ਜਾ ਰਹੇ ਹਨ। ਕੋਰੋਨਿਲ ਦੀ ਲਾਂਚਿੰਗ ਮੌਕੇ ਬਾਬਾ ਰਾਮਦੇਵ ਨਾਲ ਮੰਚ ਸਾਂਝਾ ਕਰਨ ਵਾਲੇ ਨਿਮਸ ਯੂਨੀਵਰਸਿਟੀ ਦੇ ਮਾਲਕ ਅਤੇ ਚੇਅਰਮੈਨ ਬੀਐਸ ਤੋਮਰ ਵੀ ਪਲਟੀ ਮਾਰ ਗਏ ਹਨ। ਉਨ੍ਹਾਂ ਨੇ ਵੀਰਵਾਰ ਨੂੰ ਦਿੱਤੇ ਅਪਣੇ ਬਿਆਨ ਵਿਚ ਸਾਫ਼ ਕਿਹਾ ਕਿ ਉਨ੍ਹਾਂ ਦੇ ਹਸਪਤਾਲਾਂ ਵਿਚ ਕੋਰੋਨਾ ਦੀ ਦਵਾਈ ਦਾ ਕੋਈ ਕਲੀਨੀਕਲ ਟਰਾਇਲ ਨਹੀਂ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।