ਹਾਰਦਿਕ ਪਟੇਲ ਸਮੇਤ ਤਿੰਨ ਜਣਿਆਂ ਨੂੰ ਦੋ ਸਾਲ ਦੀ ਸਜ਼ਾ, ਜ਼ਮਾਨਤ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2015 ਵਿਚ ਹੋਏ ਪਾਟੀਦਾਰ ਅੰਦੋਲਨ ਦੌਰਾਨ ਤੋੜਭੰਨ ਦੇ ਮਾਮਲੇ ਵਿਚ ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਨੂੰ ਦੋ ਸਾਲ ਜੇਲ ਦੀ ਸਜ਼ਾ ਸੁਣਾਈ ਗਈ........

Hardik Patel

ਮਹਿਸਾਨਾ : 2015 ਵਿਚ ਹੋਏ ਪਾਟੀਦਾਰ ਅੰਦੋਲਨ ਦੌਰਾਨ ਤੋੜਭੰਨ ਦੇ ਮਾਮਲੇ ਵਿਚ ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਨੂੰ ਦੋ ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਸ ਤੋਂ ਇਲਾਵਾ ਦੋ ਜਣਿਆਂ ਨੂੰ ਵੀ ਸਜ਼ਾ ਸੁਣਾਈ ਗਈ ਹੈ। ਬਾਅਦ ਵਿਚ ਹਾਰਦਿਕ ਨੂੰ ਜ਼ਮਾਨਤ ਮਿਲ ਗਈ। ਅਦਾਲਤ ਨੇ ਹਾਰਦਿਕ, ਲਾਲਜੀ ਪਟੇਲ ਅਤੇ ਏ ਕੇ ਪਟੇਲ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋ - ਦੋ ਸਾਲ ਜੇਲ ਦੀ ਸਜ਼ਾ ਸੁਣਾਈ। ਸਾਰਿਆਂ ਨੂੰ 50,000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਫ਼ੈਸਲਾ ਆਉਂਦੇ ਹੀ ਪਟੇਲ ਦੇ ਵਕੀਲ ਨੇ ਅਦਾਲਤ 'ਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕਰ ਦਿਤੀ ਜਿਸ 'ਤੇ ਉਸ ਨੂੰ ਜ਼ਮਾਨਤ ਮਿਲ ਗਈ।

ਤਿੰਨ ਸਾਲ ਤੋਂ ਘੱਟ ਜੇਲ ਦੀ ਸਜ਼ਾ ਹੋਣ 'ਤੇ ਤੁਰਤ ਜ਼ਮਾਨਤ ਮਿਲ ਸਕਦੀ ਹੈ। ਅਦਾਲਤ ਨੇ ਇਸ ਮਾਮਲੇ ਵਿਚ 14 ਦੋਸ਼ੀਆਂ ਨੂੰ ਬਰੀ ਕਰ ਦਿਤਾ ਹੈ। ਹਾਰਦਿਕ ਨੂੰ ਵਿਸਨਗਰ ਵਿਚ ਭਾਜਪਾ ਵਿਧਾਇਕ ਰਿਸ਼ੀਕੇਸ਼ ਮੁਖੀਆ ਦੇ ਦਫ਼ਤਰ ਵਿਚ ਭੰਨਤੋੜ ਕਰਨ ਦਾ ਦੋਸ਼ੀ ਠਹਿਰਾਇਆ ਗਿਆ। 2015 'ਚ ਪਾਟੀਦਾਰ ਅੰਦੋਲਨ ਦੀ ਅਗਵਾਈ ਕਰਨ ਵਾਲੇ ਹਾਰਦਿਕ ਵਿਰੁਧ ਅੱਠ ਪੁਲਿਸ ਥਾਣਿਆਂ ਵਿਚ 9 ਮਾਮਲੇ ਦਰਜ ਕੀਤੇ ਗਏ ਸਨ। ਇਹ ਅੰਦੋਲਨ ਰਾਖਵੇਂਕਰਨ ਲਈ ਕੀਤਾ ਗਿਆ ਸੀ। ਫ਼ੈਸਲਾ ਆਉਣ ਤੋਂ ਬਾਅਦ ਹਾਰਦਿਕ ਨੇ ਟਵਿਟਰ 'ਤੇ ਕਿਹਾ ਕਿ ਉਹ ਜੇਲ ਜਾਣ ਤੋਂ ਨਹੀਂ ਡਰਦਾ।

ਉਸ ਨੇ ਕਿਹਾ ਕਿ ਕਿਸੇ ਵੀ ਮੁਸ਼ਕਲ ਨੂੰ ਦੂਰ ਕਰਨ ਲਈ ਮੁਸੀਬਤ ਤੋਂ ਉੱਚਾ ਉਠਣਾ ਪੈਂਦਾ ਹੈ। ਉਸ ਨੇ ਕਿਹਾ, 'ਸਮਾਜਕ ਨਿਆਂ ਅਤੇ ਸਮਾਜਕ ਅਧਿਕਾਰ ਲਈ ਲੜਨਾ ਜੇ ਗੁਨਾਹ ਹੈ ਤਾਂ ਹਾਂ ਮੈਂ ਗੁਨਹਗਾਰ ਹਾਂ। ਸੱਚ ਅਤੇ ਹੱਕ ਦੀ ਲੜਾਈ ਲੜਨ ਵਾਲਾ ਜੇ ਬਾਗ਼ੀ ਹੈ ਤਾਂ ਹਾਂ ਮੈਂ ਬਾਗ਼ੀ ਹਾਂ।' ਉਨ੍ਹਾਂ ਕਿਹਾ ਕਿ ਸਲਾਖਾਂ ਪਿੱਛੇ ਸੱਚ, ਕਿਸਾਨ, ਜਵਾਨ ਅਤੇ ਗ਼ਰੀਬਾਂ ਲਈ ਲੜਨ ਵਾਲੀ ਉਨ੍ਹਾਂ ਦੀ ਆਵਾਜ਼ ਨੂੰ ਭਾਜਪਾ ਦੀ ਤਾਨਾਸ਼ਾਹੀ ਸੱਤਾ ਦਬਾ ਨਹੀਂ ਸਕਦੀ। (ਏਜੰਸੀ)