ਸਕੂਲ 'ਚ ਦੋ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਆਸਾਰਾਮ ਅਤੇ ਉਸ ਦੇ ਬੇਟੇ ਨੂੰ ਕਲੀਨ ਚਿਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਸਾਰਾਮ ਦੇ ਗੁਰੂਕੁਲ 'ਚ ਪੜ੍ਹਣ ਵਾਲੇ ਦੋ ਭਰਾਵਾਂ ਦੀਆਂ ਲਾਸ਼ਾਂ 5 ਜੁਲਾਈ 2008 'ਚ ਸਾਬਰਮਤੀ ਨਦੀ ਦੇ ਕੰਢੇ ਤੋਂ ਬਰਾਮਦ ਹੋਈਆਂ ਸਨ।

Death of two school-children: Asaram, son get clean chit from commission

ਗਾਂਧੀਨਗਰ : ਜਸਟਿਸ ਡੀ ਕੇ ਤ੍ਰਿਵੇਦੀ ਕਮਿਸ਼ਨ ਨੇ ਧਰਮਗੁਰੂ ਆਸਾਰਾਮ ਅਤੇ ਉਸ ਦੇ ਬੇਟੇ ਨਾਰਾਇਣ ਸਾਈ ਨੂੰ ਉਨ੍ਹਾਂ ਵਲੋਂ ਚਲਾਏ ਜਾ ਰਹੇ  ਬੋਰਡਿੰਗ ਸਕੂਲ 'ਚ ਪੜ੍ਹਣ ਵਾਲੇ ਦੋ ਬੱਚਿਆਂ ਦੀ ਮੌਦ ਦੇ ਮਾਮਲੇ 'ਚ ਕਲੀਨ ਚਿਟ ਦੇ ਦਿਤੀ ਹੈ। ਜੁਲਾਈ 2008 ਵਿਚ ਹੋਈ ਇਸ ਘਟਨਾ ਦੀ ਜਾਂਚ ਕਮਿਸ਼ਨ ਨੂੰ ਸੌਂਪੀ ਗਈ ਸੀ। ਕਮਿਸ਼ਨ ਵਲੋਂ 2013 'ਚ ਸੂਬਾ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਸ਼ੁਕਰਵਾਰ  ਨੂੰ ਗੁਜਰਾਤ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ। ਕਮਿਸ਼ਨ ਨੇ ਹਾਲਾਂਕਿ ਕਿਹਾ ਕਿ ਸਕੂਲ ਤੋਂ ਦੋ ਬੱਚਿਆਂ ਦਾ ਲਾਪਤਾ ਹੋਣਾ ਪ੍ਰਬੰਧਕਾਂ ਦੀ 'ਲਾਪਰਵਾਹੀ' ਦਖਾਉਂਦਾ ਹੈ ਜਿਸ ਨੂੰ 'ਬਰਦਾਸ਼ਤ' ਨਹੀਂ ਕੀਤਾ ਜਾ ਸਕਦਾ।

ਆਸਾਰਾਮ ਦੇ ਗੁਰੂਕੁਲ (ਬੋਰਡਿੰਗ ਸਕੂਲ) 'ਚ ਪੜ੍ਹਣ ਵਾਲੇ ਦੋ ਭਰਾਵਾਂ  ਦੀਪੇਸ਼ ਵਾਘੇਲਾ (10) ਅਤੇ ਅਭਿਸ਼ੇਕ ਵਾਘੇਲਾ (11) ਦੀਆਂ ਲਾਸ਼ਾਂ 5 ਜੁਲਾਈ 2008 'ਚ ਸਾਬਰਮਤੀ ਨਦੀ ਦੇ ਕੰਢੇ ਤੋਂ ਬਰਾਮਦ ਹੋਈਆਂ ਸਨ। ਦੋਵੇਂ ਬੱਚੇ ਇਸ ਤੋਂ ਦੋ ਦਿਨ ਪਹਿਲਾਂ ਸਕੂਲ ਦੇ ਹੋਸਟਲ ਤੋਂ ਲਾਪਤਾ ਹੋ ਗਏ ਸਨ। ਆਸਾਰਾਮ ਦੇ ਆਸ਼ਰਮ 'ਚ ਬਣਿਆ ਸਕੂਲ ਅਤੇ ਹੋਸਟਲ ਨਦੀ ਦੇ ਕੰਢੇ 'ਤੇ ਸਥਿਤ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, ''ਇਸ ਵਿਚ ਕੋਈ ਸਬੂਤ ਨਹੀਂ ਮਿਲ ਰਿਹਾ ਕਿ ਆਸਾਰਾਮ ਅਤੇ ਉਨ੍ਹਾਂ ਦੇ ਪੁੱਤਰ ਨਾਰਾਇਣ ਸਾਈ ਆਸ਼ਰਮ ਵਿਚ ਤਾਂਤਰਿਕ ਵਿਧੀ ਕਰਿਆ ਕਰਦੇ ਸਨ।''  ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਗੁਰੂਕੁਲ ਪ੍ਰਬੰਧ ਦੇ ਨਾਲ-ਨਾਲ ਆਸ਼ਰਮ ਦੇ ਅਧਿਕਾਰੀ ਵੀ ਗੁਰੂਕੁਲ ਹੋਸਟਲ ਵਿਚ ਰਹਿ ਰਹੇ ਬੱਚਿਆਂ ਦੇ ਰੱਖਿਅਕ ਹਨ ਅਤੇ ਬੱਚਿਆਂ ਦੀ ਦੇਖਭਾਲ ਉਨ੍ਹਾਂ ਦਾ ਫ਼ਰਜ਼ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ''ਸਬੂਤਾਂ ਵਿਚ ਹੇਰਫ਼ੇਰ ਦੀ ਵਜ੍ਹਾ ਕਾਰਨ ਕਮਿਸ਼ਨ ਨੂੰ ਲਗਦਾ ਹੈ ਕਿ ਇਹ ਸਭ ਕੁਝ ਗੁਰੂਕੁਲ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਹੋਇਆ। ਪਰਵਾਰ ਵਾਲਿਆਂ ਦਾ ਦੋਸ਼ ਹੈ ਕਿ ਆਸਾਰਾਮ ਅਤੇ ਉਨ੍ਹਾਂ ਦੇ ਬੇਟੇ ਨੇ ਦੋਹਾਂ ਬੱਚਿਆਂ 'ਤੇ ਕਾਲਾ ਜਾਦੂ ਕੀਤਾ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।