ਸਿੱਖ ਪਰਿਵਾਰ ਨੇ ਲਾਵਾਰਿਸ ਸਮਝ ਪਾਲ਼ਿਆ ਗੂੰਗਾ-ਬੋਲ਼ਾ ਮੁਸਲਿਮ ਬੱਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

9 ਸਾਲ ਮਗਰੋਂ ਫੇਸਬੁੱਕ ਨੇ ਮਿਲਾਇਆ ਪਰਿਵਾਰ

Boy meets parents after 9 years

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਫਾਰੂਖ਼ਾਬਾਦ ਤੋਂ ਇਕ ਅਜਿਹੀ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਕਈ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਇਸ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਇਨਸਾਨੀਅਤ ਨਾਲੋਂ ਵੱਡਾ ਕੋਈ ਧਰਮ ਨਹੀਂ ਹੈ। 9 ਸਾਲ ਪਹਿਲਾਂ ਗੁੰਮ ਹੋਇਆ ਇਕ ਅਪਾਹਿਜ ਬੱਚਾ ਸੋਸ਼ਲ ਮੀਡੀਆ ਦੇ ਜ਼ਰੀਏ ਅਪਣੇ ਮਾਤਾ-ਪਿਤਾ ਨੂੰ ਮਿਲਿਆ ਹੈ। ਅਪਣੇ ਪੁੱਤਰ ਨੂੰ ਮਿਲਦੇ ਹੀ ਮਾਤਾ-ਪਿਤਾ ਬਹੁਤ ਭਾਵੁਕ ਹੋ ਗਏ।

ਫਰੂਖਾਬਾਦ ਦੇ ਪਿੰਡ ਸੋਤਾ ਬਹਾਦੁਰਪੁਰ ਦੇ ਵਸਨੀਕ ਅਬਦੁਲ ਤਾਹੀਦ ਦਾ ਬੇਟਾ ਅਬਦੁਲ ਰਜ਼ਾਕ ਜੋ ਬੋਲਣ ਅਤੇ ਸੁਣਨ ਤੋਂ ਅਸਮਰੱਥ ਸੀ। 9 ਸਾਲ ਪਹਿਲਾਂ ਦਿੱਲੀ ਵਿਚ ਅਪਣੇ ਮਾਤਾ-ਪਿਤਾ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਸੀ। ਉੱਥੇ ਉਹ ਖੇਡਦੇ-ਖੇਡਦੇ ਖੋ ਗਿਆ ਸੀ।  ਪਰਿਵਾਰ ਵਾਲਿਆਂ ਨੇ ਪੁਲਿਸ ਦੀ ਮਦਦ ਨਾਲ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।

ਅਪਾਹਿਜ ਰਜ਼ਾਕ ਗਲਤੀ ਨਾਲ ਦਿੱਲੀ ਤੋਂ ਟਰੇਨ ਵਿਚ ਬੈਠ ਕੇ ਪਟਿਆਲਾ ਪਹੁੰਚ ਗਿਆ ਸੀ। ਭੁੱਖੇ-ਪਿਆਸੇ ਸੜਕ ‘ਤੇ ਰੋਂਦੇ ਬੱਚੇ ‘ਤੇ ਅਚਾਨਕ ਪਟਿਆਲਾ ਦੇ ਪਿੰਡ ਭੈਰੋਂਪੁਰ ਦੇ  ਰਹਿਣ ਵਾਲੇ ਗੁਰਨਾਮ ਸਿੰਘ ਦੀ ਨਜ਼ਰ ਪਈ। ਉਹਨਾਂ ਨੇ ਇਸ ਬੱਚੇ ਦੇ ਪਰਿਵਾਰ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਤੇ ਕੋਈ ਜਾਣਕਾਰੀ ਨਹੀਂ ਮਿਲੀ। ਫਿਰ ਗੁਰਨਾਮ ਸਿੰਘ ਨੇ ਬੱਚੇ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲੈ ਲਈ ਅਤੇ ਅਪਾਹਜ ਬੱਚੇ ਦਾ ਪਟਿਆਲਾ ਦੇ ਡੈਫ ਅਤੇ ਡੰਬ (ਗੂੰਗੇ ਅਤੇ ਬੋਲੇ ਬੱਚਿਆਂ ਲਈ ਸਕੂਲ) ਵਿਚ ਦਾਖਲਾ ਕਰਵਾ ਦਿੱਤਾ।

ਸਕੂਲ ਵਿਚ ਰਜ਼ਾਕ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲੱਗਾ। ਇਕ ਦਿਨ ਰਜ਼ਾਕ ਨੇ ਫੇਸਬੁੱਕ ‘ਤੇ ਅਪਣੀ ਫੋਟੋ ਸ਼ੇਅਰ ਕੀਤੀ। ਅਚਾਨਕ ਉਸ ਨੂੰ ਫੇਸਬੁੱਕ ‘ਤੇ ਅਪਣਾ ਬਚਪਨ ਦਾ ਦੋਸਤ ਮਿਲ ਗਿਆ, ਦੋਸਤ ਨੇ ਉਸ ਦੀ ਫੋਟੋ ਨੂੰ ਪਛਾਣ ਲਿਆ ਅਤੇ ਪਰਿਵਾਰ ਨੂੰ ਇਸ ਬਾਰੇ ਦੱਸਿਆ।

ਰਜ਼ਾਕ ਦੇ ਮਾਤਾ ਪਿਤਾ ਨੇ ਤੁਰੰਤ ਪਟਿਆਲਾ ਦੇ ਸਕੂਲ ਨਾਲ ਸੰਪਰਕ ਕੀਤਾ ਅਤੇ ਸਕੂਲ ਮੈਨੇਜਮੈਂਟ ਨੇ ਰਜ਼ਾਕ ਨੂੰ ਉਸ ਦੇ ਪਰਿਵਾਰ ਨਾਲ ਮਿਲਵਾ ਦਿੱਤਾ। ਰਜ਼ਾਕ ਦੀ ਮਾਂ ਸਲਮਾ ਬੇਗਲ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਉਸ ਸਿੱਖ ਪਰਿਵਾਰ ਦੇ ਬਹੁਤ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ 9 ਸਾਲ ਤੱਕ ਇਸ ਬੱਚੇ ਦੀ ਸਾਂਭ ਸੰਭਾਲ ਕੀਤੀ। ਉਹਨਾਂ ਨੇ ਗੁਰਮੀਤ ਸਿੰਘ ਅਤੇ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ।