ਚੰਡੀਗੜ੍ਹ 'ਚ ਜਲਦੀ ਹੀ ਮੁਫ਼ਤ ਹੋਵੇਗੀ ਦੋ ਪਹੀਆ ਵਾਹਨਾਂ ਦੀ ਪਾਰਕਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਟ੍ਰਾਈਸਿਟੀ ਤੋਂ ਬਾਹਰ ਦੇ ਵਾਹਨਾਂ 'ਤੇ ਵਸੂਲੀ ਜਾਵੇਗੀ ਦੁੱਗਣੀ ਫੀਸ!

representational Image

ਚੰਡੀਗੜ੍ਹ :  ਨਗਰ ਨਿਗਮ ਸ਼ਹਿਰ ਦੀਆਂ ਸਾਰੀਆਂ 91 ਪਾਰਕਿੰਗ ਥਾਵਾਂ ਨੂੰ ਠੇਕੇ ’ਤੇ ਦੇਣ ਜਾ ਰਿਹਾ ਹੈ। ਮੰਗਲਵਾਰ ਨੂੰ ਹੋਈ ਸਦਨ ਦੀ ਬੈਠਕ 'ਚ ਇਸ ਪ੍ਰਸਤਾਵ ਅਤੇ ਨਵੀਂ ਪਾਰਕਿੰਗ ਫੀਸ ਨੂੰ ਮਨਜ਼ੂਰੀ ਦਿਤੀ ਗਈ। ਪੂਰੇ ਸ਼ਹਿਰ ਵਿਚ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ ਹੋਵੇਗੀ। ਕਾਰਾਂ ਅਤੇ ਹੋਰ ਤਿੰਨ ਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਤੋਂ ਦਸ ਮਿੰਟ ਤਕ ਪਾਰਕਿੰਗ ਲਈ ਕੋਈ ਫੀਸ ਨਹੀਂ ਲਈ ਜਾਵੇਗੀ।

ਇਸ ਤੋਂ ਬਾਅਦ ਟ੍ਰਾਈਸਿਟੀ ਦੇ ਕਾਰ ਚਾਲਕਾਂ ਨੂੰ ਚਾਰ ਘੰਟੇ ਤਕ ਪਾਰਕਿੰਗ ਲਈ 15 ਰੁਪਏ ਦੇਣੇ ਪੈਣਗੇ, ਜਦੋਂ ਕਿ ਟ੍ਰਾਈਸਿਟੀ ਤੋਂ ਬਾਹਰ ਦੇ ਵਾਹਨ ਚਾਲਕਾਂ ਨੂੰ ਹਰ ਸਲੈਬ ਵਿਚ ਪਾਰਕਿੰਗ ਫੀਸ ਤੋਂ ਦੁੱਗਣੀ ਰਕਮ ਅਦਾ ਕਰਨੀ ਪਵੇਗੀ। ਮੀਟਿੰਗ ਵਿਚ ਪਾਰਕਿੰਗ ਦੇ ਮੁੱਦੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗੱਬੀ, ਹਰਦੀਪ ਸਿੰਘ, ਕੰਵਰਜੀਤ ਸਿੰਘ ਰਾਣਾ ਸਮੇਤ ਕਈ ਕੌਂਸਲਰਾਂ ਨੇ ਸੁਝਾਅ ਦਿਤੇ।

ਇਹ ਵੀ ਪੜ੍ਹੋ: ਬਠਿੰਡਾ 'ਚ 90 ਇਮੀਗਰੇਸ਼ਨ ਕੰਸਲਟੰਸੀ/ਆਈਲੈਟਸ/ਟਿਕਟਿੰਗ ਸੈਂਟਰ ਅਣ-ਅਧਿਕਾਰਿਤ ਪਾਏ ਗਏ : ਡਿਪਟੀ ਕਮਿਸ਼ਨਰ 

ਕੌਂਸਲਰਾਂ ਦੇ ਵਿਰੋਧ ਤੋਂ ਬਾਅਦ ਪ੍ਰਾਈਵੇਟ ਕਾਰਾਂ ਲਈ ਪਹਿਲੇ ਚਾਰ ਘੰਟੇ ਦੀ ਪਾਰਕਿੰਗ ਫੀਸ 20 ਰੁਪਏ ਤੋਂ ਘਟਾ ਕੇ 15 ਰੁਪਏ ਅਤੇ 8 ਘੰਟੇ ਦੀ ਪਾਰਕਿੰਗ ਫੀਸ 25 ਰੁਪਏ ਤੋਂ ਘਟਾ ਕੇ 20 ਰੁਪਏ ਕਰਨ ਦੀ ਤਜਵੀਜ਼ ਰੱਖੀ ਗਈ ਸੀ। ਮਹੀਨਾ ਪਾਸ ਦੀ ਫੀਸ ਵੀ 500 ਰੁਪਏ ਤੋਂ ਘਟਾ ਕੇ 300 ਰੁਪਏ ਅਤੇ ਵਪਾਰਕ ਵਾਹਨਾਂ ਲਈ 1000 ਰੁਪਏ ਤੋਂ ਘਟਾ ਕੇ 800 ਰੁਪਏ ਕਰ ਦਿਤੀ ਗਈ ਹੈ।

ਇਹ ਵੀ ਪੜ੍ਹੋ: ਸੰਗੀਤ ਜਗਤ 'ਚ ਸੋਗ ਦੀ ਲਹਿਰ, ਮਕਬੂਲ ਗਾਇਕ ਸੁਰਿੰਦਰ ਛਿੰਦਾ ਦਾ ਦੇਹਾਂਤ 

ਕਈ ਕੌਂਸਲਰਾਂ ਨੇ ਐਲਾਂਟੇ ਮਾਲ ਅਤੇ ਫਨ ਰਿਪਬਲਿਕ ਦੀ ਉੱਚ ਪਾਰਕਿੰਗ ਫੀਸ ਦਾ ਵਿਰੋਧ ਕੀਤਾ। ਦੋਵਾਂ ਥਾਵਾਂ 'ਤੇ ਪਹਿਲੇ ਚਾਰ ਘੰਟਿਆਂ ਲਈ 90 ਰੁਪਏ ਅਤੇ ਅੱਠ ਘੰਟਿਆਂ ਲਈ 150 ਰੁਪਏ ਤੈਅ ਕੀਤੇ ਗਏ ਸਨ। ਕੌਂਸਲਰ ਗੁਰਬਖਸ਼ ਰਾਵਤ ਨੇ ਕਿਹਾ ਕਿ ਜੇਕਰ ਕੋਈ ਫਿਲਮ ਦੇਖਣ ਜਾਂਦਾ ਹੈ ਤਾਂ ਉਸ ਨੂੰ ਫਿਲਮ ਦੀ ਟਿਕਟ ਤੋਂ ਵੱਧ ਪਾਰਕਿੰਗ ਫੀਸ ਦੇਣੀ ਪਵੇਗੀ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਥਾਵਾਂ ’ਤੇ ਪਾਰਕਿੰਗ ਫੀਸ 20-20 ਰੁਪਏ ਘਟਾ ਕੇ 70 ਰੁਪਏ ਅਤੇ 130 ਰੁਪਏ ਕਰ ਦਿੱਤੀ ਗਈ। ਇਸ ਪ੍ਰਸਤਾਵ ਨੂੰ ਸਦਨ ਦੁਆਰਾ ਪਾਸ ਕਰਨ ਤੋਂ ਬਾਅਦ, ਨਗਰ ਨਿਗਮ ਦੁਆਰਾ ਟੈਂਡਰ ਲਈ ਪ੍ਰਸਤਾਵ ਲਈ ਬੇਨਤੀ (ਆਰਐਫਪੀ) ਕੀਤੀ ਜਾਵੇਗੀ।

ਨਗਰ ਨਿਗਮ ਨੇ ਟਰਾਈਸਿਟੀ ਦੇ ਬਾਹਰ ਸਾਰੀਆਂ ਪਾਰਕਿੰਗਾਂ ਵਿੱਚ ਵਾਹਨਾਂ ’ਤੇ ਦੋਹਰੀ ਪਾਰਕਿੰਗ ਫੀਸ ਲਗਾ ਦਿੱਤੀ ਹੈ। ਉਨ੍ਹਾਂ ਨੂੰ 30 ਰੁਪਏ ਤੋਂ ਲੈ ਕੇ 260 ਰੁਪਏ ਤਕ ਦੇਣੇ ਪੈਣਗੇ। ਕਮਰਸ਼ੀਅਲ ਵਾਹਨ ਚਾਲਕਾਂ ਨੂੰ 60 ਤੋਂ 800 ਰੁਪਏ ਦੇਣੇ ਪੈਣਗੇ। ਨਕਦ ਭੁਗਤਾਨ 'ਤੇ 5 ਅਤੇ 10 ਰੁਪਏ ਵਾਧੂ ਵਸੂਲੇ ਜਾਣਗੇ। ਹਾਲਾਂਕਿ ਚੰਡੀਗੜ੍ਹ ਤੋਂ ਬਾਹਰ ਦੇ ਦੋਪਹੀਆ ਵਾਹਨਾਂ ਦੀ ਪਾਰਕਿੰਗ ਵੀ ਮੁਫ਼ਤ ਹੋਵੇਗੀ।