ਖ਼ਾਲਿਸਤਾਨੀ ਕਾਰਕੁੰਨ ਜਗਮੋਹਨ ਸਿੰਘ ਨੂੰ 8 ਉਮਰ ਕੈਦਾਂ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੱਜ ਵਮਿਤਾ ਸਿੰਘ ਨੇ 11 ਸਾਲ ਲੰਬੀ ਚੱਲੀ...

Khalistani activist Jagmohan Singh  

ਰਾਜਸਥਾਨ: ਇਕ ਪਾਸੇ ਤਾਂ ਨਾਭਾ ਜੇਲ੍ਹ ਵਿਚੋਂ ਭਾਈ ਲਾਲ ਸਿੰਘ ਨੂੰ 28 ਸਾਲ ਮਗਰੋਂ ਰਿਹਾਅ ਕੀਤਾ ਗਿਆ ਹੈ, ਦੂਜੇ ਪਾਸੇ ਰਾਜਸਥਾਨ ਵਿਚ ਖ਼ਾਲਿਸਤਾਨੀ ਕਾਰਕੁੰਨ ਜਗਮੋਹਨ ਸਿੰਘ ਨੂੰ ਇਕ ਨਹੀਂ ਬਲਕਿ 8 ਉਮਰ ਕੈਦਾਂ ਦੀ ਸਜ਼ਾ ਸੁਣਾਈ ਗਈ ਹੈ। ਜੀ ਹਾਂ, ਬਾੜਮੇਰ ਸੈਸ਼ਨ ਅਦਾਲਤ ਨੇ ਜਗਮੋਹਨ ਸਿੰਘ ਨੂੰ ਯੂਏਪੀਏ ਅਤੇ ਐਕਸਪਲੋਸਿਵ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇਹ ਸਜ਼ਾਵਾਂ ਸੁਣਾਈਆਂ ਨੇ ਇਹ ਸਜ਼ਾਵਾਂ ਇਕੱਠਿਆਂ ਹੀ ਚੱਲਣ ਦੇ ਹੁਕਮ ਦਿੱਤੇ ਗਏ ਨੇ।

ਜੱਜ ਵਮਿਤਾ ਸਿੰਘ ਨੇ 11 ਸਾਲ ਲੰਬੀ ਚੱਲੀ ਬਹਿਸ ਮਗਰੋਂ ਇਹ ਫ਼ੈਸਲਾ ਸੁਣਾਇਆ। ਦਰਅਸਲ ਸਾਲ 2009 ਵਿਚ ਬਾੜਮੇਰ ਦੀ ਸਦਰ ਥਾਣਾ ਪੁਲਿਸ ਨੇ ਬੱਬਰ ਖ਼ਾਲਸਾ ਦੇ 10 ਕਾਰਕੁੰਨਾਂ ਨੂੰ ਆਰਡੀਐਕਸ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿਚ ਜਗਮੋਹਨ ਸਿੰਘ ਵੀ ਸ਼ਾਮਲ ਸੀ। ਇਸ ਦੌਰਾਨ ਇਸ ਕੇਸ ਵਿਚ ਹੀ ਮੁੱਖ ਦੋਸ਼ੀ ਸੋਢਾ ਖ਼ਾਨ ਸਮੇਤ 9 ਹੋਰ ਦੋਸ਼ੀਆਂ ਨੂੰ ਵੀ ਸਜ਼ਾਵਾਂ ਸੁਣਵਾਈਆਂ ਗਈਆਂ ਨੇ।

ਇਨ੍ਹਾਂ ਸਜ਼ਾਯਾਫ਼ਤਾ ਮੁਜ਼ਰਮਾਂ ਵਿਚੋਂ ਸਿਰਫ਼ ਜਗਮੋਹਨ ਸਿੰਘ ਪੰਜਾਬ ਦੇ ਸਿੱਖ ਹਨ ਜਦਕਿ ਬਾਕੀ ਸਾਰੇ ਬਾੜਮੇਰ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਮੁਸਲਿਮ ਨੇ। ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਕਿੱਥੋਂ ਦੇ ਰਹਿਣ ਵਾਲੇ ਨੇ ਜਗਮੋਹਨ ਸਿੰਘ ਅਤੇ ਕਿਹੜੇ ਕਿਹੜੇ ਕੇਸਾਂ ਵਿਚ ਹੋਈ ਹੈ ਉਨ੍ਹਾਂ ਨੂੰ 8 ਉਮਰ ਕੈਦਾਂ ਦੀ ਸਜ਼ਾ।

ਜਗਮੋਹਨ ਸਿੰਘ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੇੜੇ ਪੈਂਦੇ ਬੱਸੀ ਪਠਾਣਾਂ ਦੇ ਰਹਿਣ ਵਾਲੇ ਹਨ। ਜਿਹੜੇ ਕੇਸ ਵਿਚ ਜਗਮੋਹਨ ਸਿੰਘ ਨੂੰ 8 ਉਮਰ ਕੈਦਾਂ ਦੀ ਸਜ਼ਾ ਹੋਈ ਹੈ, ਉਹ ਇਹ ਹੈ ਕਿ ਉਸ ਸਮੇਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਜੋ ਪਾਕਿਸਤਾਨ ਤੋਂ ਆਈ ਸੀ, ਜਗਮੋਹਨ ਸਿੰਘ ਉਸ ਖੇਪ ਨੂੰ ਲੈਣ ਲਈ ਗਿਆ ਸੀ। ਇਸ ਕੇਸ ਵਿਚ ਜਗਮੋਹਨ ਸਿੰਘ 'ਤੇ ਧਮਾਕਾਖ਼ੇਜ਼ ਸਮੱਗਰੀ ਐਕਟ ਦੀ ਧਾਰਾ 4, 5, 6, ਅਸਲ੍ਹਾ ਐਕਟ ਦੀ ਧਾਰਾ 3/25, 7/25 (1) ਡੀ (1 ਏਏ), 29 ਤੋਂ ਇਲਾਵਾ ਯੂਏਪੀਏ ਦੀਆਂ ਧਰਾਵਾਂ 3, 10, 13, 18 ਅਤੇ 20 ਲਗਾਈਆਂ ਗਈਆਂ ਸਨ, ਜਿਸ ਦੇ ਚਲਦਿਆਂ ਉਸ ਨੂੰ ਇਹ ਸਜ਼ਾਵਾਂ ਹੋਈਆਂ ਹਨ।

ਉਂਝ ਇਸ ਤੋਂ ਪਹਿਲਾਂ ਪਹਿਲਾਂ ਮੁਹਾਲੀ ਅਦਾਲਤ ਨੇ ਵੀ ਜਗਮੋਹਨ ਸਿੰਘ ਨੂੰ ਯੂਏਪੀਏ ਤਹਿਤ 10 ਸਾਲ ਦੀ ਸਜ਼ਾ ਸੁਣਾਈ ਸੀ ਪਰ ਜਗਮੋਹਨ ਹਾਈ ਕੋਰਟ ਵਿਚੋਂ ਬਰੀ ਹੋ ਗਏ ਸਨ। ਇਸੇ ਤਰ੍ਹਾਂ ਬਹੁਚਰਚਿਤ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਕਤਲ ਕੇਸ ਵਿਚੋਂ ਅਦਾਲਤ ਨੇ ਜਗਮੋਹਨ ਸਿੰਘ ਨੂੰ ਬਰੀ ਕਰ ਦਿੱਤਾ ਸੀ। ਦੱਸ ਦਈਏ ਕਿ ਜਗਮੋਹਨ ਸਿੰਘ ਇਕਲੌਤੇ ਅਜਿਹੇ ਖ਼ਾਲਿਸਤਾਨੀ ਕਾਰਕੁੰਨ ਹਨ, ਗਰੁੱਪ ਨਾਲ ਜੁੜੇ ਪੰਜਾਬ ਦੇ ਕਿਸੇ ਵਾਸੀ ਨੂੰ ਯੂਏਪੀਏ ਅਧੀਨ ਪਹਿਲੀ ਵਾਰ ਇਹ ਉਮਰ ਕੈਦ ਦੀ ਸਜ਼ਾ ਹੋਈ ਹੈ।

ਰਾਜਸਥਾਨ ਦੀ ਜ਼ਿਲ੍ਹਾ ਅਦਾਲਤ ਵੱਲੋਂ ਦਿੱਤੀ ਜੱਜਮੈਂਟ ਵਿਚ ਉਮਰਕੈਦ ਦੇ ਨਾਲ ਬਰੈਕਟ ਵਿਚ 14 ਸਾਲ ਲਿਖਿਆ ਹੋਇਆ ਹੈ। ਇਸ ਤੋਂ ਪਹਿਲਾਂ ਜਗਮੋਹਨ ਸਿੰਘ ਕਾਫ਼ੀ ਸਮਾਂ ਨਾਭੇ ਦੀ ਹਾਈ ਸਕਿਓਰਿਟੀ ਜੇਲ੍ਹ ਵਿਚ ਵੀ ਬੰਦ ਰਹਿ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਵਿਚੋਂ ਯੂਏਪੀਏ ਤਹਿਤ ਕਈ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ, ਜਿਸ ਤਹਿਤ ਕਈ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।