ਪਹਿਲਵਾਨ ਯੋਗੇਸ਼ਵਰ ਦੱਤ ਭਾਜਪਾ 'ਚ ਹੋਏ ਸ਼ਾਮਲ
ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਵੀ ਭਾਜਪਾ ਦਾ ਲੜ ਫੜਿਆ
ਨਵੀਂ ਦਿੱਲੀ : ਉਲੰਪਿਕ ਤਮਗ਼ਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਯੋਗੇਸ਼ਵਰ ਦੱਤ ਹਰਿਆਣਾ 'ਚ ਵਿਧਾਨ ਸਭਾ ਚੋਣ ਲੜ ਸਕਦੇ ਹਨ। ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੀ ਮੌਜੂਦਗੀ 'ਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਲੜ ਫੜਿਆ। ਇਸ ਤੋਂ ਇਲਾਵਾ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਵੀ ਭਾਜਪਾਈ ਬਣ ਗਏ।
ਮੂਲ ਰੂਪ ਨਾਲ ਹਰਿਆਣਾ ਵਾਸੀ ਯੋਗੇਸ਼ਵਰ ਦੱਤ ਪਦਮਸ੍ਰੀ ਸਨਮਾਨ ਨਾਲ ਨਵਾਜ਼ੇ ਜਾ ਚੁੱਕੇ ਹਨ, ਜਦਕਿ ਸਾਲ 2014 'ਚ ਕਾਮਨਵੈਲਥ ਗੇਮਜ਼ 'ਚ ਉਨ੍ਹਾਂ ਨੇ ਦੇਸ਼ ਲਈ ਸੋਨ ਤਮਗ਼ਾ ਜਿੱਤਿਆ ਸੀ। ਸੂਤਰਾਂ ਮੁਤਾਬਕ ਭਾਜਪਾ ਇਸ ਵਾਰ ਹਰਿਆਣਾ ਚੋਣਾਂ 'ਚ ਦੋ ਖਿਡਾਰੀਆਂ/ਅਥਲੀਟਾਂ ਨੂੰ ਮੈਦਾਨ 'ਚ ਵਿਰੋਧੀਆਂ ਦੇ ਸਾਹਮਣੇ ਉਤਾਰ ਸਕਦੀ ਹੈ। ਜ਼ਿਕਰਯੋਗ ਹੈ ਕਿ ਅਗਲੇ ਮਹੀਨੇ ਅਕਤੂਬਰ 'ਚ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਸ ਤੋਂ ਪਹਿਲਾਂ ਯੋਗੇਸ਼ਵਰ ਦੱਤ ਬੁਧਵਾਰ ਨੂੰ ਦਿੱਲੀ 'ਚ ਹਰਿਆਣਾ ਭਾਜਪਾ ਪ੍ਰਧਾਨ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਬਰਾਲਾ ਨੂੰ ਦੱਸਿਆ ਸੀ ਕਿ ਉਹ ਹਰਿਆਣਾ ਪੁਲਿਸ ਤੋਂ ਅਸਤੀਫ਼ਾ ਦੇ ਚੁੱਕੇ ਹਨ। ਯੋਗੇਸ਼ਵਰ ਦੱਤ ਸਾਲ 2012 ਦੇ ਉਲੰਪਿਕ ਗੇਮਜ਼ 'ਚ ਭਾਰਤ ਲਈ ਕਾਂਸੀ ਦਾ ਤਮਗ਼ਾ ਜਿੱਤ ਚੁੱਕੇ ਹਨ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੂੰ ਭਾਜਪਾ ਵੱਲੋਂ ਟਿਕਟ ਦਿੱਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।
ਸੰਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ, "ਮੈਂ ਰਾਜਨੀਤੀ 'ਚ ਆ ਗਿਆ ਹਾਂ, ਕਿਉਂਕਿ ਮੈਂ ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰੇਰਿਤ ਹਾਂ। ਉਨ੍ਹਾਂ ਦੀ ਈਮਾਨਦਾਰੀ ਮੈਨੂੰ ਇਸ ਪਾਰਟੀ 'ਚ ਲੈ ਕੇ ਆਈ ਹੈ। ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੌਜਵਾਨਾਂ ਲਈ ਵਧੀਆ ਕੰਮ ਕਰ ਰਹੇ ਹਨ। ਜੇ ਪਾਰਟੀ ਨੂੰ ਲੱਗਦਾ ਹੈ ਕਿ ਮੈਂ ਚੋਣ ਲੜਨ ਲਈ ਯੋਗ ਹਾਂ ਤਾਂ ਮੈਂ ਜ਼ਰੂਰ ਲੜਾਂਗਾ।"