ਖੇਤੀ ਬਿਲਾਂ ‘ਤੇ ਰਾਹੁਲ ਗਾਂਧੀ ਦੀ ਪੀਐਮ ਮੋਦੀ ਨੂੰ ਨਸੀਹਤ- ਦੇਸ਼ ਦੀ ਆਵਾਜ਼ ਸੁਣੋ ਮੋਦੀ ਜੀ
ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ- ਰਾਹੁਲ ਗਾਂਧੀ
ਨਵੀਂ ਦਿੱਲੀ: ਕਿਸਾਨ ਵਿਰੋਧੀ ਬਿਲਾਂ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸੀਹਤ ਦਿੱਤੀ ਹੈ। ਉਹਨਾਂ ਕਿਹਾ ਕਿ ਪੀਐਮ ਮੋਦੀ ਦੇਸ਼ਹਿੱਤ ਅਤੇ ਕਿਸਾਨਾਂ ਦੇ ਹਿੱਤ ਵਿਚ ਖੇਤੀਬਾੜੀ ਬਿਲਾਂ ਨੂੰ ਵਾਪਸ ਲੈਣ।
ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਰਾਹੁਲ ਗਾਂਧੀ ਨੇ ਇਕ ਵੀਡੀਓ ਸੰਦੇਸ਼ ਟਵਿਟਰ ‘ਤੇ ਸਾਂਝਾ ਕੀਤਾ। ਉਹਨਾਂ ਨੇ ਲਿਖਿਆ, ‘ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ, ਦੇਸ਼ ਦੀ ਆਵਾਜ਼ ਸੁਣੋ ਮੋਦੀ ਜੀ। ਜੈ ਕਿਸਾਨ, ਜੈ ਹਿੰਦੋਸਤਾਨ।‘
ਕਰੀਬ ਡੇਢ ਮਿੰਟ ਦੇ ਵੀਡੀਓ ਸੰਦੇਸ਼ ਵਿਚ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿਸਾਨ ਭਰਾਵਾਂ ‘ਤੇ ਤੇਜ਼ੀ ਨਾਲ ਹਮਲੇ ਚਾਲੂ ਹਨ। ਸਭ ਤੋਂ ਪਹਿਲਾਂ ਨੋਟਬੰਦੀ, ਫਿਰ ਜੀਐਸਟੀ ਅਤੇ ਉਸ ਤੋਂ ਬਾਅਦ ਕੋਰੋਨਾ ਦਾ ਸਮਾਂ, ਜਿਸ ਵਿਚ ਕਿਸਾਨਾਂ ਨੂੰ ਇਕ ਰੁਪਇਆ ਵੀ ਨਹੀਂ ਦਿੱਤਾ।
ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ। ਹੁਣ ਕਿਸਾਨਾਂ ਨੂੰ ਖਤਮ ਕਰਨ ਲਈ ਕਾਨੂੰਨ ਲਿਆਂਦੇ ਗਏ, ਉਹਨਾਂ ਕਿਹਾ ਉਹ ਕਿਸਾਨਾਂ ਨਾਲ ਖੜ੍ਹੇ ਹਨ ਤੇ ਉਹ ਇਹਨਾਂ ਕਾਨੂੰਨਾਂ ਨੂੰ ਮਿਲ ਕੇ ਰੋਕਣਗੇ। ਵੀਡੀਓ ਸੰਦੇਸ਼ ਜ਼ਰੀਏ ਰਾਹੁਲ ਗਾਂਧੀ ਨੇ ਸਰਕਾਰ ਨੂੰ ਕਿਹਾ ਕਿ ਉਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਇਹਨਾਂ ਬਿਲਾਂ ਨੂੰ ਤੁਰੰਤ ਵਾਪਸ ਲਵੇ।