ਕੇਜਰੀਵਾਲ ਵੱਲੋਂ ਗੁਜਰਾਤ ਦੇ ਸਫ਼ਾਈ ਕਰਮਚਾਰੀ ਦੇ ਪਰਿਵਾਰ ਨਾਲ ਮੁਲਾਕਾਤ, ਇਕੱਠਿਆਂ ਖਾਧਾ ਦੁਪਹਿਰ ਦਾ ਖਾਣਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਹਰਸ਼ ਸੋਲੰਕੀ ਨੇ ਆਪਣੇ ਪਰਿਵਾਰ ਸਮੇਤ ਦਿੱਲੀ ਦੇ ਇੱਕ ਸਰਕਾਰੀ ਸਕੂਲ ਅਤੇ ਇੱਕ ਹਸਪਤਾਲ ਦਾ ਦੌਰਾ ਵੀ ਕੀਤਾ।

Arvind Kejriwal Hosts Lunch for Sanitation Worker

 


ਨਵੀਂ ਦਿੱਲੀ- ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ 26 ਸਤੰਬਰ ਦੇ ਦਿਨ ਆਪਣੀ ਰਿਹਾਇਸ਼ 'ਤੇ ਗੁਜਰਾਤ ਦੇ ਇੱਕ ਸਫ਼ਾਈ ਕਰਮਚਾਰੀ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਅਤੇ ਦੁਪਹਿਰ ਦੇ ਖਾਣੇ ਲਈ ਮੇਜ਼ਬਾਨੀ ਕੀਤੀ। ਪਤਾ ਲੱਗਿਆ ਹੈ ਕਿ ਗੁਜਰਾਤ ਦੇ ਹਰਸ਼ ਸੋਲੰਕੀ ਨੇ ਆਪਣੇ ਪਰਿਵਾਰ ਸਮੇਤ ਦਿੱਲੀ ਦੇ ਇੱਕ ਸਰਕਾਰੀ ਸਕੂਲ ਅਤੇ ਇੱਕ ਹਸਪਤਾਲ ਦਾ ਦੌਰਾ ਵੀ ਕੀਤਾ।

ਇਸ ਮੌਕੇ ਹਰਸ਼ ਸੋਲੰਕੀ ਨੇ ਕੇਜਰੀਵਾਲ ਨੂੰ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਦੀ ਇੱਕ ਤਸਵੀਰ ਵੀ ਭੇਂਟ ਕੀਤੀ। ਅਹਿਮਦਾਬਾਦ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਫ਼ਾਈ ਸੇਵਕਾਂ ਨਾਲ ਆਯੋਜਿਤ ‘ਟਾਊਨ ਹਾਲ’ ਪ੍ਰੋਗਰਾਮ ਦੌਰਾਨ ਸੋਲੰਕੀ ਨੇ ਕੇਜਰੀਵਾਲ ਨੂੰ ਰਾਤ ਦੇ ਖਾਣੇ ਲਈ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਸੀ।

ਇਸ ਦੇ ਨਾਲ ਹੀ, ਕੇਜਰੀਵਾਲ ਨੇ ਸੋਲੰਕੀ ਅਤੇ ਉਸ ਦੇ ਪਰਿਵਾਰ ਨੂੰ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਸੀ, ''ਕੱਲ੍ਹ (ਸੋਮਵਾਰ) ਨੂੰ ਮੈਂ ਸੋਲੰਕੀ ਜੀ ਦੀ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਮੇਜ਼ਬਾਨੀ ਕਰਾਂਗਾ ਅਤੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਵਾਂਗਾ। ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਸੋਲੰਕੀ ਤੇ ਉਸ ਦੇ ਪਰਿਵਾਰ ਨੇ ਮੇਰਾ ਸੱਦਾ ਸਵੀਕਾਰ ਕੀਤਾ।''