ਬਸਤੇ ਦਾ ਭਾਰ ਹੋਵੇਗਾ ਕਲਾਸ ਮੁਤਾਬਕ, ਪਹਿਲੀ ਤੇ ਦੂਜੀ ਕਲਾਸ ਦੇ ਬੱਚਿਆਂ ਨੂੰ ਹੋਮਵਰਕ ਨਹੀਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਵੱਲੋਂ 20 ਨਵੰਬਰ ਨੂੰ ਜਾਰੀ ਕੀਤੇ ਗਏ ਸਰਕੂਲਰ ਮੁਤਾਬਕ ਹੁਣ ਪਹਿਲੀ ਅਤੇ ਦੂਜੀ ਕਲਾਸ ਵਿਚ ਪੜਨ ਵਾਲੇ ਬੱਚਿਆਂ ਨੂੰ ਘਰ ਲਈ ਹੋਮਵਰਕ ਨਹੀਂ ਦਿਤਾ ਜਾਵੇਗਾ।

Fix weight of school bag

ਨਵੀਂ ਦਿੱਲੀ,  ( ਭਾਸ਼ਾ ):  ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਸਕੂਲੀ ਬੱਚਿਆਂ ਦੇ ਬਸਤੇ ਦਾ ਬੋਝ ਨਿਰਧਾਰਤ ਕਰ ਦਿਤਾ ਗਿਆ ਹੈ। ਦੇਸ਼ ਭਰ ਦੇ ਸਕੂਲੀ ਬੱਚਿਆਂ ਲਈ ਚੰਗੀ ਖ਼ਬਰ ਇਹ ਹੈ ਕਿ ਪਹਿਲੀ ਵਾਰ 10ਵੀਂ ਕਲਾਸ ਤੱਕ ਦੇ ਬੱਚਿਆਂ ਦੇ ਬਸਤਿਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ। ਸਰਕਾਰ ਵੱਲੋਂ 20 ਨਵੰਬਰ ਨੂੰ ਜਾਰੀ ਕੀਤੇ ਗਏ ਸਰਕੂਲਰ ਮੁਤਾਬਕ

ਹੁਣ ਪਹਿਲੀ ਅਤੇ ਦੂਜੀ ਕਲਾਸ ਵਿਚ ਪੜਨ ਵਾਲੇ ਬੱਚਿਆਂ ਨੂੰ ਘਰ ਲਈ ਹੋਮਵਰਕ ਨਹੀਂ ਦਿਤਾ ਜਾਵੇਗਾ। ਇਸ ਦੇ ਨਾਲ ਹੀ ਪਹਿਲੀ ਅਤੇ ਦੂਜੀ ਕਲਾਸ ਤੱਕ ਭਾਸ਼ਾ ਅਤੇ ਗਣਿਤ ਵਿਸ਼ੇ ਨਾਲ ਸਬੰਧਤ ਸਿਰਫ ਦੋ ਹੀ ਕਿਤਾਬਾਂ ਲਾਜ਼ਮੀ ਹਨ, ਜਦਕਿ ਤੀਜੀ ਕਲਾਸ ਤੋਂ ਪੰਜਵੀ ਤੱਕ ਭਾਸ਼ਾ, ਈਵੀਐਸ ਅਤੇ ਗਣਿਤ ਵਿਸ਼ੇ ਦੀਆਂ ਸਿਰਫ ਐਨਸੀਆਰਟੀ ਦੀਆਂ ਕਿਤਾਬਾਂ ਜ਼ਰੂਰੀ ਕਰ ਦਿਤੀਆਂ ਗਈਆਂ ਹਨ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ।

ਇਸ ਵਿਚ ਸਾਰਿਆਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਨਾ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਕੂਲੀ ਬੱਚਿਆਂ ਦੀ ਕਲਾਸ ਦੇ ਹਿਸਾਬ ਨਾਲ ਬਸਤੇ ਦਾ ਭਾਰ ਤੈਅ ਕੀਤਾ ਗਿਆ ਹੈ। ਹੁਣ ਪਹਿਲੀ ਅਤੇ ਦੂਜੀ ਕਲਾਸ ਵਿਚ ਪੜਨ ਵਾਲੇ ਬੱਚੇ 1.5 ਕਿਲੋ ਗ੍ਰਾਮ,  ਤੀਜੀ,ਚੌਥੀ ਅਤੇ 5ਵੀਂ ਦੇ ਬੱਚੇ 2-3 ਕਿਲੋਗ੍ਰਾਮ, 6ਵੀਂ ਅਤੇ 7ਵੀਂ ਵਿਚ ਪੜਨ ਵਾਲੇ 4 ਕਿਲੋਗ੍ਰਾਮ ,

8ਵੀਂ ਅਤੇ 9ਵੀਂ ਦੇ ਬਚੇ 4.5 ਕਿਲੋਗ੍ਰਾਮ ਅਤੇ 10ਵੀਂ ਵਿਚ ਪੜਨ ਵਾਲੇ ਬੱਚਿਆਂ ਦਾ ਸਕੂਲੀ ਬਸਤਾ 5 ਕਿਲੋਗ੍ਰਾਮ ਤੱਕ ਦਾ ਹੋਵੇਗਾ। ਜ਼ਿਕਰਯੋਗ ਹੈ ਕਿ ਨਿਜੀ ਸਕੂਲਾਂ ਵਿਚ ਐਨਸੀਆਰਟੀ ਸਲੇਬਸ ਦੀਆਂ ਕਿਤਾਬਾਂ ਲਾਜ਼ਿਮ ਤੋਰ ਤੇ ਲਗਾਏ ਜਾਣ ਸਬੰਧੀ ਇਕ ਮਾਮਲੇ ਦੀ ਸੁਣਵਾਈ 6 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਹੋਣੀ ਹੈ।