ਪੱਛਮੀ ਬੰਗਾਲ 'ਚ ਭਾਜਪਾ ਉਮੀਦਵਾਰ ਦੀ ਲੱਤਾਂ ਨਾਲ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਾੜੀਆਂ 'ਚ ਲੁਕ ਕੇ ਬਚਾਈ ਜਾਨ, ਟੀਐਮਸੀ ਵਰਕਰਾਂ ਨੇ ਲਾਏ 'ਵਾਪਸ ਜਾਓ' ਦੇ ਨਾਅਰੇ

West Bengal BJP candidate lashed with legs

ਪੱਛਮੀ ਬੰਗਾਲ- ਲੱਤਾਂ ਨਾਲ ਇਕ ਵਿਅਕਤੀ ਦੀ ਕੀਤੀ ਜਾ ਰਹੀ ਕੁੱਟਮਾਰ ਦੀਆਂ ਤਸਵੀਰਾਂ ਪੱਛਮ ਬੰਗਾਲ ਕਰੀਮਨਗਰ ਹਲਕੇ ਦੀਆਂ ਹਨ ਜੋ ਕਿ ਵਾਇਰਲ ਹੋ ਰਹੀਆਂ ਹਨ ਅਤੇ ਕੁੱਟ ਖਾਣ ਮਗਰੋਂ ਝਾੜੀਆਂ ਵਿਚ ਲੁਕ ਰਿਹਾ ਇਹ ਸਖ਼ਸ਼ ਕੋਈ ਹੋਰ ਨਹੀਂ ਬਲਕਿ ਕਰੀਮਨਗਰ ਹਲਕੇ ਤੋਂ ਭਾਜਪਾ ਦਾ ਉਮੀਦਵਾਰ ਜੈ ਪ੍ਰਕਾਸ਼ ਮਜੂਮਦਾਰ ਹੈ। ਦਰਅਸਲ ਇੱਥੇ ਤ੍ਰਿਣਮੂਲ ਕਾਂਗਰਸ ਦੇ ਵਰਕਰ ਭਾਜਪਾ ਦੇ ਵਰਕਰਾਂ ਨਾਲ ਭਿੜ ਗਏ ਅਤੇ ਉਨ੍ਹਾਂ ਨੇ ਭਾਜਪਾ ਉਮੀਦਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਅਪਣੀ ਜਾਨ ਬਚਾਉਣ ਲਈ ਝਾੜੀਆਂ ਵਿਚ ਲੁਕਣਾ ਪਿਆ।

ਦਰਅਸਲ ਪੱਛਮੀ ਬੰਗਾਲ ਵਿਚ ਤਿੰਨ ਵਿਧਾਨ ਸਭਾ ਸੀਟਾਂ ਕਰੀਮਨਗਰ, ਕਾਲੀਆਗੰਜ ਤੇ ਕਰੀਮਪੁਰ ਵਿਚ ਉਪ ਚੋਣਾਂ ਲਈ ਵੋਟਿੰਗ ਹੋਈ, ਜਿਸ ਦੌਰਾਨ ਭਾਜਪਾ ਉਮੀਦਵਾਰ ਨੂੰ ਦੇਖਦਿਆਂ ਟੀਐਮਸੀ ਵਰਕਰਾਂ ਨੇ 'ਵਾਪਸ ਜਾਓ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਭਾਜਪਾ ਉਮੀਦਵਾਰ ਸਮੇਤ ਭਾਜਪਾ ਵਰਕਰਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੋਈ ਲੜਾਈ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਵਿਚ ਕੁੱਝ ਲੋਕ ਭਾਜਪਾ ਉਮੀਦਵਾਰ ਦੇ ਲੱਤਾਂ ਮਾਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਭਾਜਪਾ ਉਮੀਦਵਾਰ ਕੁੱਟ ਤੋਂ ਬਚਣ ਲਈ ਝਾੜੀਆਂ ਵਿਚ ਲੁਕਣ ਦੀ ਕੋਸ਼ਿਸ਼ ਕਰ ਰਹੇ ਹਨ।

ਮਾਮਲਾ ਇੰਨਾ ਜ਼ਿਆਦਾ ਵਧ ਗਿਆ ਕਿ ਪੁਲਿਸ ਨੂੰ ਭੀੜ 'ਤੇ ਕਾਬੂ ਪਾਉਣ ਲਈ ਲਾਠੀਚਾਰਜ ਕਰਨਾ ਪਿਆ। ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੇ ਦੋਸ਼ ਸਨ ਕਿ ਭਾਜਪਾ ਉਮੀਦਵਾਰ ਮਜੂਮਦਾਰ ਨੇ ਸ਼ਾਂਤ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਭਾਜਪਾ ਨੇ ਟੀਐਮਸੀ ਨੂੰ ਹਿੰਸਾ ਲਈ ਜ਼ਿੰਮੇਵਾਰ ਦੱਸਿਆ। ਦੱਸ ਦਈਏ ਕਿ ਪੱਛਮ ਬੰਗਾਲ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਕਾਰ 36 ਦਾ ਅੰਕੜਾ ਹੈ। ਕੋਈ ਅਜਿਹੀ ਚੋਣ ਨਹੀਂ, ਜਦੋਂ ਇਨ੍ਹਾਂ ਦੋਵੇਂ ਪਾਰਟੀਆਂ ਦੇ ਵਰਕਰਾਂ ਵਿਚਕਾਰ ਝੜਪ ਨਾ ਹੁੰਦੀ ਹੋਵੇ। ਲੋਕ ਸਭਾ ਚੋਣਾਂ ਦੌਰਾਨ ਵੀ ਦੋਵੇਂ ਪਾਰਟੀਆਂ ਦੇ ਵਰਕਰਾਂ ਵਿਚਕਾਰ ਖ਼ੂਨੀ ਝੜਪਾਂ ਹੋਈਆਂ ਸਨ। 
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।