ਦਿੱਲੀ ਪੁਲਿਸ ਦੀ ਹਿਰਾਸਤ ’ਚ ਬੈਠੇ ਖਹਿਰਾ ਨੇ ਦੱਸਿਆ ਕਿਵੇਂ ਲੁਕ-ਛਿਪ ਕੇ ਪਹੁੰਚੇ ਦਿੱਲੀ
ਖਹਿਰਾ ਨਾਲ ਮੌਜੂਦ ਵਿਦਿਆਰਥੀ ਆਗੂਆਂ ਨੇ ਵੀ ਸਾਂਝੇ ਕੀਤੇ ਵਿਚਾਰ
ਨਵੀਂ ਦਿੱਲੀ : ਕਿਸਾਨਾਂ ਦਾ ਦਿੱਲੀ ਵੱਲ ਕੂਚ ਪ੍ਰੋਗਰਾਮ ਅਪਣੀ ਚਰਮ-ਸੀਮਾਂ ’ਤੇ ਪਹੁੰਚ ਚੁੱਕਾ ਹੈ। ਹਰਿਆਣਾ ਪੁਲਿਸ ਵਲੋਂ ਲਾਈਆਂ ਰੋਕਾਂ ਨੂੰ ਤਾਸ਼ ਦੇ ਪੱਤਿਆਂ ਵਾਂਗ ਖਿਡਾਉਂਦਿਆਂ ਕਿਸਾਨ ਹਰਿਆਣਾ ਅੰਦਰ ਦਾਖ਼ਲ ਹੋ ਚੁੱਕੇ ਹਨ ਅਤੇ ਕੁੱਝ ਦਾਖ਼ਲ ਹੋਣ ਦੀ ਕੋਸ਼ਿਸ਼ ’ਚ ਹਨ। ਇਸੇ ਦੌਰਾਨ ਪੰਜਾਬ ਦੇ ਕੁੱਝ ਸਿਆਸੀ ਆਗੂ ਵੀ ਦਿੱਲੀ ਵੱਲ ਕੂਚ ਕਰ ਚੁੱਕੇ ਹਨ ਜਿਨ੍ਹਾਂ ’ਚੋਂ ਬਹੁਤ ਸਾਰੇ ਆਗੂ ਦਿੱਲੀ ਪਹੁੰਚਣ ’ਚ ਸਫ਼ਲ ਹੋ ਚੁੱਕੇ ਹਨ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਮੁਸ਼ਕਲਾਂ ਭਰਿਆ ਸਫ਼ਰ ਤੈਅ ਕਰਦਿਆਂ ਦਿੱਲੀ ਪਹੁੰਚੇ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਇਕ ਕੈਂਪ ਵਿਚ ਠਹਿਰਾਇਆ ਹੈ।
ਦਿੱਲੀ ਦੇ ਹਰੀ ਨਗਰ ਵਿਖੇ ਬਣਾਏ ਗਏ ਕੈਂਪ ਵਿਚੋਂ ਸੁਖਪਾਲ ਸਿੰਘ ਖਹਿਰਾ ਨੇ ਵੀਡੀਓ ਜਾਰੀ ਕਰਦਿਆਂ ਅਪਣੇ ਵਿਚਾਰ ਸਾਂਝੇ ਕੀਤੇ ਹਨ। ਖਹਿਰਾ ਮੁਤਾਬਕ ਪਿਛਲੇ ਪੌਣੇ ਮਹੀਨਿਆਂ ਤੋਂ ਚੱਲ ਰਿਹਾ ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ ਅਪਣੇ ਆਪ ਵਿਚ ਲਾਮਿਸਾਲ ਹੈ। ਦੂਜੇ ਪਾਸੇ ਖੇਤੀ ਕਾਨੂੰਨਾਂ ਜ਼ਰੀਏ ਕਿਸਾਨੀ ’ਤੇ ਹਮਲਾ ਕਰਨ ਵਾਲੀ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਸ਼ਰਤਾਂ-ਮਨਾਊ ਰਾਜਨੀਤੀ ਕਰਨ ’ਤੇ ਉਤਾਰੂ ਹੈ। ਸਰਕਾਰ ਨੇ ਸ਼ਰਤਾਂ ਤਹਿਤ ਹੀ ਰੇਲ ਸੇਵਾ ਸ਼ੁਰੂ ਕੀਤੀ ਅਤੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਵੇ ਵੀ ਕਿਸਾਨੀ ਘੋਲ ਨੂੰ ਕਮਜ਼ੋਰ ਕਰਨ ਦੀ ਮਾਨਸਿਕਤਾ ਤਹਿਤ ਹੀ ਭੇਜੇ ਜਾ ਰਹੇ ਹਨ। ਸਰਕਾਰ ਦੀ ਸ਼ਰਤਾਂ-ਮਨਾਊ ਮਾਨਸਿਕਤਾ ਦੇ ਕਾਰਨ ਹੀ ਕਿਸਾਨਾਂ ਨੂੰ 26-27 ਨਵੰਬਰ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਉਲੀਕਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਅਪਣੀ ਰਾਜਧਾਨੀ ਆ ਕੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਅਤੇ ਅਪਣੀ ਗੱਲ ਸਰਕਾਰ ਤਕ ਪਹੁੰਚਾਉਣਾ ਕਿਸਾਨਾਂ ਦਾ ਸੰਵਿਧਾਨਕ ਹੱਕ ਹੈ, ਜਿਸ ਨੂੰ ਹਰਿਆਣਾ ਸਰਕਾਰ ਕੁਚਲਣ ’ਤੇ ਤੁਲੀ ਹੋਈ ਹੈ। ਪੁਲਿਸ ਪ੍ਰਸ਼ਾਸਨ ਨੇ ਆਖਰਾ ਦੀ ਠੰਢ ਦੇ ਬਾਵਜੂਦ ਕਿਸਾਨਾਂ ’ਤੇ ਪਾਣੀ ਦੀਆਂ ਤੋਪਾਂ ਦਾ ਇਸਤੇਮਾਲ ਕੀਤਾ ਹੈ ਜੋ ਦਮਨਕਾਰੀ ਵਤੀਰਾ ਹੈ। ਸਰਕਾਰ ਦੀਆਂ ਵੱਡੀਆਂ ਰੋਕਾਂ ਵੀ ਕਿਸਾਨਾਂ ਦੇ ਜੋਸ਼ ਅੱਗੇ ਠਹਿਰ ਨਹੀਂ ਸਕੀਆਂ। ਉਨ੍ਹਾਂ ਕਿਹਾ ਕਿ ਅਸੀਂ ਖੁਦ ਬੜੀ ਮੁਸ਼ਕਲ ਨਾਲ ਹਰਿਆਣਾ ਦੇ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਔਖੇ ਪੈਂਡੇ ਤੈਅ ਕਰਦਿਆਂ ਦਿੱਲੀ ਪਹੁੰਚਣ ’ਚ ਸਫ਼ਲ ਹੋਏ ਹਾਂ।
ਉਨ੍ਹਾਂ ਕਿਹਾ ਕਿ ਉਹ ਕਈ ਵਿਧਾਇਕਾਂ ਸਮੇਤ ਦਿੱਲੀ ਪਹੁੰਚੇ ਸਨ ਜਿੱਥੇ ਪਰਮਿੰਦਰ ਸਿੰਘ ਢੀਂਡਸਾ ਵੀ ਉਨ੍ਹਾਂ ਦੇ ਨਾਲ ਸਨ। ਸਾਡਾ ਪ੍ਰੋਗਰਾਮ ਜੰਤਰ ਮੰਤਰ ਪਹੁੰਚਣ ਦਾ ਸੀ ਪਰ ਦਿੱਲੀ ਪੁਲਿਸ ਢੀਂਡਸਾ ਸਾਹਿਬ ਨੂੰ ਸਾਡੇ ਤੋਂ ਨਿਖੇੜ ਕੇ ਹੋਰ ਪਾਸੇ ਲੈ ਗਈ ਅਤੇ ਸਾਨੂੰ ਗਿ੍ਰਫ਼ਤਾਰ ਕਰਨ ਦਾ ਕਹਿ ਕੇ ਹਰੀ ਨਗਰ ਦੇ ਸਟੇਡੀਅਮ ਵਿਖੇ ਲੈ ਆਈ ਹੈ। ਇੱਥੇ ਹੀ ਉਨ੍ਹਾਂ ਨਾਲ ਜੇ.ਐਨ.ਯੂ. ਯੂਨੀਵਰਸਿਟੀ ਦੇ ਕਿਸਾਨਾਂ ਦੇ ਹੱਕ ’ਚ ਪਹੁੰਚੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਵਾਈ ਜਿਨ੍ਹਾਂ ਨੂੰ ਪੁਲਿਸ ਇੱਥੇ ਬਣਾਏ ਗਏ ਕੈਂਪ ਵਿਚ ਲੈ ਕੇ ਆਈ ਹੈ। ਖਹਿਰਾ ਮੁਤਾਬਕ ਕਿਸਾਨਾਂ ਦੇ ਹੱਕ ’ਚ ਦਿੱਲੀ ਪਹੁੰਚੇ ਰਹੀਆਂ ਹਸਤੀਆਂ ਨੂੰ ਦਿੱਲੀ ਪੁਲਿਸ ਇਸੇ ਤਰ੍ਹਾਂ ਹੀ ਹਿਰਾਸਤ ਵਿਚ ਲੈ ਕੇ ਵੱਖ-ਵੱਖ ਥਾਵਾਂ ’ਤੇ ਅਲੱਗ-ਅਲੱਗ ਠਹਿਰਾਅ ਰਹੀ ਹੈ।
ਇਸ ਦੌਰਾਨ ਖਹਿਰਾ ਨੇ ਜਵਾਹਰ ਨਾਲ ਨਹਿਰੂ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਦੇ ਕਿਸਾਨੀ ਘੋਲ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਵਿਚਾਰ ਵੀ ਸਾਂਝੇ ਕੀਤੇ। ਉਨ੍ਹਾਂ ਜੇ.ਐਨ.ਯੂ. ਦੀ ਸੰਸਥਾ ਐਸ.ਐਫ.ਆਈ. ਦੇ ਵਿਦਿਆਰਥੀ ਆਗੂ ਜੋ ਕਿਸਾਨਾਂ ਦੇ ਹੱਕ ’ਚ ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੇ ਸਨ ਤੇ ਉਨ੍ਹਾਂ ਨਾਲ ਹਰੀ ਨਗਰ ਸਟੇਡੀਅਮ ਵਿਖੇ ਲਿਆਂਦੇ ਗਏ ਸਨ, ਨਾਲ ਵੀ ਗੱਲਬਾਤ ਕਰਵਾਈ। ਇਸ ਮੌਕੇ ਉਤਰਾਖੰਡ ਤੋਂ ਕਿਸਾਨੀ ਸੰਘਰਸ਼ ’ਚ ਹਿੱਸਾ ਪਾਉਣ ਪਹੁੰਚੇ ਕਿਸਾਨ ਪਰਸ਼ੋਤਮ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਉਨ੍ਹਾਂ ਨੇ ਜੇ.ਐਨ.ਯੂ. ਦੀ ਪ੍ਰਧਾਨ ਆਇਸ਼ੀ ਘੋਸ਼ ਨਾਲ ਵੀ ਰੂਬਰੂ ਕਰਵਾਇਆ ਜਿਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਕਿਸਾਨੀ ਤੋਂ ਇਲਾਵਾ ਵੱਖ ਵੱਖ ਵਰਗਾਂ ਨਾਲ ਕੀਤੇ ਜਾ ਰਹੇ ਧੱਕਿਆਂ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ। ਕੇਂਦਰ ਸਰਕਾਰ ਵਲੋਂ ਜਨਤਕ ਅਦਾਰਿਆਂ ਦੇ ਨਿੱਜੀਕਰਨ ਦੀ ਵਿੱਢੀ ਮੁਹਿੰਮ ਸਮੇਤ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਚੁਕੇ ਜਾ ਰਹੇ ਨਾਦਰਸ਼ਾਹੀ ਕਦਮਾਂ ਬਾਰੇ ਅਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ ਜੀ.ਐਲ.ਯੂ. ਵਿਦਿਆਰਥੀ ਜਥੇਬੰਦੀ ਦੇ ਹੋਰ ਆਗੂਆਂ ਨਾਲ ਵੀ ਰੂਬਰੂ ਕਰਵਾਇਆ ਗਿਆ ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਲੋਕ-ਮਾਰੂ ਕਦਮਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਵੀਡੀਓ ਵਿਚ ਖਹਿਰਾ ਸਮੇਤ ਉਥੇ ਮੌਜੂਦ ਵੱਖ ਵੱਖ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਕਾਰਪੋਰੇਟ ਪੱਖੀ ਚਿਹਰੇ ਬਾਰੇ ਵਿਸਥਾਰਕ ਜਾਣਕਾਰੀ ਸਾਂਝੀ ਕੀਤੀ।