ਬਾਬਰੀ ਮਸਜਿਦ ਐਕਸ਼ਨ ਕਮੇਟੀ ਮੁੜ ਪਹੁੰਚੀ ਸੁਪਰੀਮ ਕੋਰਟ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮਸਜਿਦ ਦੇ ਬਚੇ ਹਿੱਸਿਆਂ ਦੀ ਸਪੁਰਦਗੀ ਮੰਗੀ

file photo

ਨਵੀਂ ਦਿੱਲੀ : ਬਾਬਰੀ ਮਸਜਿਦ ਐਕਸ਼ਨ ਕਮੇਟੀ ਨੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਮੁੜ ਅਰਜ਼ੀ ਦਾਇਰ ਕਰ ਕੇ ਮਸਜਿਦ ਦੇ ਬਚੇ ਹਿੱਸੇ ਕਮੇਟੀ ਦੇ ਸਪੁਰਦ ਕਰਨ ਦੀ ਮੰਗ ਕੀਤੀ ਹੈ। ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਬਾਬਰੀ ਮਸਜਿਦ ਦਾ ਹਿੱਸਾ ਅਜੇ ਵੀ ਮੌਜੂਦ ਹੈ।

ਬਾਬਰੀ ਐਕਸ਼ਨ ਕਮੇਟੀ ਦੇ ਜੁੜੇ ਸੂਤਰਾਂ ਅਨੁਸਾਰ ਅਯੁਧਿਆ ਰਾਮ ਜਨਮ ਭੂਮੀ ਮਾਮਲੇ ਦੀ ਸੁਣਵਾਈ ਦੌਰਾਨ ਕਦੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਆਖਰ ਮਸਜਿਦ ਦੇ ਬਚੇ ਹਿੱਸਿਆਂ ਦਾ ਕੀ ਹੋਵੇਗਾ। ਹੁਣ ਇਨ੍ਹਾਂ ਬਚੇ ਹਿੱਸਿਆਂ ਨੂੰ ਉਥੋਂ ਹਟਾਉਣ ਦੀ ਸੂਰਤ ਵਿਚ ਇਹ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਹਵਾਲੇ ਕਰ ਦਿਤੇ ਜਾਣ।

ਹਿੱਸੇ ਹਿੱਸੇ ਸੌਂਪਣ ਦੀ ਮੰਗ : ਬਾਬਰੀ ਐਕਸ਼ਨ ਕਮੇਟੀ ਅਯੁਧਿਆ ਰਾਮ ਜਨਮ ਭੂਮੀ ਮਾਮਲੇ 'ਚ ਉਪਚਾਰਕ ਪਟੀਸ਼ਨ ਵੀ ਦਾਇਰ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਇਸ ਉਪਚਾਰਕ ਪਟੀਸ਼ਨ ਦੇ ਨਾਲ ਹੀ ਇਕ ਅਰਜ਼ੀ ਦਾਇਰ ਕੀਤੀ ਜਾਵੇਗੀ ਜਿਸ 'ਚ ਬਾਬਰੀ ਮਸਜਿਦ ਦੇ ਹਿੱਸੇ ਸੌਂਪਣ ਦੀ ਮੰਗ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ 2 ਦਸੰਬਰ ਨੂੰ ਅਯੁਧਿਆ ਰਾਮ ਜਨਮ ਭੂਮੀ ਵਿਵਾਦ ਮਾਮਲੇ ਵਿਚ ਸੁਪਰੀਮ ਕੋਰਟ 'ਚ ਪਹਿਲੀ ਮੁੜ ਵਿਚਾਰ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਐਮ ਸਦੀਕੀ ਧਿਰ ਨੇ 217 ਪੰਨਿਆਂ ਦੀ ਮੁੜ ਵਿਚਾਰ ਦੀ ਅਰਜ਼ੀ ਦਾਖ਼ਲ ਕੀਤੀ ਸੀ। ਸਿੱਦੀਕੀ ਵਲੋਂ ਮੰਗ ਕੀਤੀ ਗਈ ਸੀ ਕਿ ਸੰਵਿਧਾਨਕ ਬੈਂਚ 'ਤੇ ਰੋਕ ਲਗਾਈ ਜਾਵੇ, ਜਿਸ 'ਚ ਵਿਵਾਦਤ ਜ਼ਮੀਨ ਰਾਮ ਮੰਦਿਰ ਨੂੰ ਦੇਣ ਦਾ ਫ਼ੈਸਲਾ ਸੁਣਾਇਆ ਸੀ।

ਸੁਪਰੀਮ ਕੋਰਟ ਨੇ ਖਾਰਿਜ਼ ਕੀਤੀਆਂ 18 ਮੁੜ ਵਿਚਾਰ ਪਟੀਸ਼ਨਾਂ : ਸਿੱਦੀਕੀ ਸਮੇਤ ਇਸ ਮਾਮਲੇ 'ਚ ਕੁੱਲ 18 ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ ਸਨ। 12 ਦਸੰਬਰ ਨੂੰ ਸੁਪਰੀਮ ਕੋਰਟ ਦੇ ਸੰਵਿਧਾਨਿਕ ਬੈਂਚ ਨੇ ਅਯੁਧਿਆ ਮਾਮਲੇ 'ਚ ਦਾਖ਼ਲ ਸਾਰੀਆਂ ਮੁੜ ਵਿਚਾਰ ਅਰਜ਼ੀਆਂ ਖ਼ਾਰਜ ਕਰ ਦਿਤੀਆਂ ਸਨ।