ਐਨ.ਆਈ.ਏ. ਅਦਾਲਤ ਵੱਲੋਂ ਹਿਜ਼ਬੁਲ ਦੇ ਦੋ ਕਰਿੰਦਿਆਂ ਨੂੰ 5 ਸਾਲ ਦੀ ਸਖ਼ਤ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਾਮ ਦੇ ਰਹਿਣ ਵਾਲੇ ਹਨ ਦੋਵੇਂ ਮੁਲਜ਼ਮ 

Representative Image

 

ਗੁਹਾਟੀ - ਅਸਾਮ ਦੇ ਗੁਹਾਟੀ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਇੱਕ ਅਦਾਲਤ ਨੇ ਹਿਜ਼ਬ-ਉਲ-ਮੁਜਾਹਿਦੀਨ (ਇੱਕ ਅੱਤਵਾਦੀ ਸੰਗਠਨ) ਲਈ ਭਰਤੀ ਮਾਮਲੇ ਵਿੱਚ ਸ਼ਮੂਲੀਅਤ ਬਦਲੇ ਦੋ ਮੁਲਜ਼ਮਾਂ ਨੂੰ ਪੰਜ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਸ਼ੁੱਕਰਵਾਰ ਨੂੰ ਅਸਾਮ ਦੇ ਹੋਜਾਈ ਜ਼ਿਲ੍ਹੇ ਦੇ ਵਸਨੀਕ ਸ਼ਾਹਨਵਾਜ ਆਲਮ ਅਤੇ ਉਮਰ ਫ਼ਾਰੂਕ ਵਜੋਂ ਪਛਾਣੇ ਗਏ ਦੋ ਵਿਅਕਤੀਆਂ ਨੂੰ ਅਪਰਾਧਿਕ ਸਾਜ਼ਿਸ਼ ਅਤੇ 
ਗ਼ੈਰ-ਕਨੂੰਨੀ ਗਤੀਵਿਧੀਆਂ (ਰੋਕਥਾਮ) ਕਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅੱਤਵਾਦੀ ਕੈਂਪ ਆਯੋਜਿਤ ਕਰਨ, ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਤਹਿਤ ਦੋਸ਼ੀ ਠਹਿਰਾਇਆ। 

ਦੋਸ਼ੀ ਵਿਅਕਤੀਆਂ ਖ਼ਿਲਾਫ਼ ਪਹਿਲਾਂ 14 ਸਤੰਬਰ, 2018 ਨੂੰ ਹੋਜਾਈ ਦੇ ਜਮਨਾਮੁਖ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ, ਅਤੇ ਬਾਅਦ ਵਿੱਚ ਕੇਂਦਰੀ ਏਜੰਸੀ ਨੂੰ ਟ੍ਰਾਂਸਫ਼ਰ ਕਰਨ ਤੋਂ ਬਾਅਦ ਉਸੇ ਸਾਲ 5 ਅਕਤੂਬਰ ਨੂੰ ਐਨ.ਆਈ.ਏ. ਵੱਲੋਂ ਦੁਬਾਰਾ ਦਰਜ ਕੀਤਾ ਗਿਆ ਸੀ। ਇਸ ਅਨੁਸਾਰ, ਐਨ.ਆਈ.ਏ. ਦੁਆਰਾ ਇੱਕ ਚਾਰਜਸ਼ੀਟ 11 ਮਾਰਚ, 2019 ਨੂੰ ਦਾਇਰ ਕੀਤੀ ਗਈ ਸੀ।

ਐਨ.ਆਈ.ਏ. ਦੀ ਇੱਕ ਪ੍ਰੈੱਸ ਰੀਲੀਜ਼ ਅਨੁਸਾਰ, ਆਲਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਸ ਦਾ ਪਰਦਾਫਾਸ਼ ਹੋਇਆ, ਜਿਸ ਦੇ ਹਿਜ਼ਬ-ਉਲ-ਮੁਜਾਹਿਦੀਨ ਨਾਲ ਸੰਬੰਧਿਤ ਇੱਕ ਅੱਤਵਾਦੀ ਕਮਰੂਜ਼ ਜ਼ਮਾਨ ਨਾਲ ਨੇੜਲੇ ਸਬੰਧ ਸਨ। ਆਲਮ ਨੂੰ 13 ਸਤੰਬਰ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਐਨ.ਆਈ.ਏ. ਦੀ ਇੱਕ ਪ੍ਰੈੱਸ ਰੀਲੀਜ਼ 'ਚ ਦਰਜ ਹੈ, “ਜਾਂਚ ਦੌਰਾਨ, ਇਹ ਖੁਲਾਸਾ ਹੋਇਆ ਕਿ ਜ਼ਮਾਨ, ਆਲਮ, ਫਾਰੂਕ ਅਤੇ ਹੋਰ ਮੁਲਜ਼ਮਾਂ ਨੇ ਅੱਤਵਾਦੀ ਗਤੀਵਿਧੀਆਂ ਰਾਹੀਂ ਲੋਕਾਂ ਦੇ ਮਨਾਂ 'ਚ ਦਹਿਸ਼ਤ ਪੈਦਾ ਕਰਨ ਲਈ ਅਸਾਮ ਰਾਜ ਵਿੱਚ ਹਿਜ਼ਬੁਲ-ਮੁਜਾਹਿਦੀਨ ਦਾ ਇੱਕ ਮਾਡਿਊਲ ਤਿਆਰ ਕਰਨ ਲਈ ਮੈਂਬਰ ਭਰਤੀ ਕਰਨ ਦੀ ਸਾਜ਼ਿਸ਼ ਰਚੀ ਸੀ" ਐਨ.ਆਈ.ਏ. ਨੇ ਕਿਹਾ।

ਐਨ.ਆਈ.ਏ. ਨੇ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।