ਨਿਰਭਿਆ ਮਾਮਲਾ : ਦੋਸ਼ੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕੋ ਇਕ ਗਵਾਹ ਵਿਰੁਧ ਸ਼ਿਕਾਇਤ ਅਦਾਲਤ ਵਿਚ ਖ਼ਾਰਜ

file photo

ਨਵੀਂ ਦਿੱਲੀ : ਸੁਪਰੀਮ ਕੋਰਟ  ਨਿਰਭਿਆ ਸਮੂਹਕ ਬਲਾਤਕਾਰ ਅਤੇ ਹਤਿਆ ਕਾਂਡ ਦੇ ਮਾਮਲੇ ਵਿਚ ਮੌਤ ਦੀ ਸਜ਼ਾਯਾਫ਼ਤਾ ਦੋਸ਼ੀ ਮੁਕੇਸ਼ ਕੁਮਾਰ ਸਿੰਘ ਦੀ ਰਹਿਮ ਪਟੀਸ਼ਨ ਰੱਦ ਕਰਨ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਣਵਾਈ ਕਰੇਗੀ।

ਜੱਜ ਆਰ ਭਾਨੂਮਤੀ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਏ ਐਸ ਬੋਪੰਨਾ ਦਾ ਬੈਂਚ ਮੁਕੇਸ਼ ਦੀ ਇਸ ਪਟੀਸ਼ਨ 'ਤੇ ਮੰਗਲਵਾਰ ਨੂੰ ਦੁਪਹਿਰ 12.30 ਵਜੇ ਸੁਣਵਾਈ ਕਰੇਗਾ। ਰਾਸ਼ਟਰਪਤੀ ਨੇ 17 ਜਨਵਰੀ ਨੂੰ ਮੁਕੇਸ਼ ਦੀ ਰਹਿਮ ਪਟੀਸ਼ਨ ਰੱਦ ਕਰ ਦਿਤੀ ਸੀ। ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਇਕ ਫ਼ਰਵਰੀ ਨੂੰ ਫਾਂਸੀ ਦੇਣ ਲਈ ਜ਼ਰੂਰੀ ਵਾਰੰਟ ਜਾਰੀ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ, ਸੋਮਵਾਰ ਨੂੰ ਮੁੱਖ ਜੱਜ ਐਸ ਏ ਬੋਬੜੇ, ਜੱਜ ਬੀ ਆਰ ਗਵਈ ਅਤੇ ਜੱਜ ਸੂਰਿਆ ਕਾਂਤ ਦੇ ਬੈਂਚ ਅੱਗੇ ਮੁਕੇਸ਼ ਦੀ ਪਟੀਸ਼ਨ ਦਾ ਜ਼ਿਕਰ ਕੀਤਾ ਗਿਆ।

ਇਸ 'ਤੇ ਬੈਂਚ ਨੇ ਕਿਹਾ, 'ਜੇ ਕਿਸੇ ਵਿਅਕਤੀ ਨੂੰ ਫਾਂਸੀ 'ਤੇ ਲਟਕਾਇਆ ਜਾਣਾ ਹੈ ਤਾਂ ਇਸ ਤੋਂ ਜ਼ਿਆਦਾ ਅਹਿਮ ਮਾਮਲਾ ਕੋਈ ਹੋਰ ਨਹੀਂ ਹੋ ਸਕਦਾ। ਬੈਂਚ ਨੇ ਕਿਹਾ ਕਿ ਜੇ ਕਿਸੇ ਨੂੰ ਇਕ ਫ਼ਰਵਰੀ ਨੂੰ ਫਾਂਸੀ ਦਿਤੀ ਜਾਣੀ ਹੈ ਤਾਂ ਅਦਾਲਤ ਲਈ ਇਹ ਸੱਭ ਤੋਂ ਅਹਿਮ ਮਾਮਲਾ ਹੈ।

ਇਸ ਤੋਂ ਪਹਿਲਾਂ, ਦਿੱਲੀ ਦੀ ਅਦਾਲਤ ਨੇ ਇਸ ਮਾਮਲੇ ਦੇ ਚਾਰਾਂ ਦੋਸ਼ੀਆਂ ਵਿਚੋਂ ਇਕ ਦੇ ਪਿਤਾ ਦੀ ਅਰਜ਼ੀ ਰੱਦ ਕਰ ਦਿਤੀ। ਜੱਜ ਏ ਕੇ ਜੈਨ ਨੇ ਮੁਜਰਮ ਪਵਨ ਕੁਮਾਰ ਦੇ ਪਿਤਾ ਹੀਰਾਲਾਲ ਗੁਪਤਾ ਦੀ ਅਰਜ਼ੀ ਰੱਦ ਕਰ ਦਿਤੀ। ਗੁਪਤਾ ਨੇ ਅਦਾਲਤ ਦੇ ਉਸ ਹੁਕਮ ਨੂੰ ਚੁਨੌਤੀ ਦਿਤੀ ਸੀ ਜਿਸ ਵਿਚ ਇਸ ਮਾਮਲੇ ਦੇ ਇਕੋ ਇਕ ਗਵਾਹ ਦੀ ਭਰੋਸੇਯੋਗਤਾ 'ਤੇ ਸਵਾਲ ਕਰਨ ਵਾਲੀ ਪਟੀਸ਼ਨ ਰੱਦ ਕਰ ਦਿਤੀ ਗਈ ਸੀ।

ਅਦਾਲਤ ਨੇ ਛੇ ਜਨਵਰੀ ਨੂੰ ਗੁਪਤਾ ਦੀ ਇਹ ਸ਼ਿਕਾਇਤ ਰੱਦ ਕਰ ਦਿਤੀ ਸੀ ਕਿ ਪੈਸੇ ਲੈ ਕੇ ਵੱਖ ਵੱਖ ਟੀਵੀ ਚੈਨਲਾਂ ਨੂੰ ਕਥਿਤ ਰੂਪ ਵਿਚ ਇੰਟਰਵਿਊ ਦੇਣ ਸਬੰਧੀ ਇਸ ਮਾਮਲੇ ਦੇ ਇਕੋ ਇਕ ਗਵਾਹ ਵਿਰੁਧ ਪਰਚਾ ਦਰਜ ਕੀਤਾ ਜਾਵੇ।