ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ‘ਚ ਹੁਣ ਤੱਕ 22 FIR ਦਰਜ
ਲਾਲ ਕਿਲ੍ਹੇ ਵਿਚ ਭਾਰੀ ਪੁਲਿਸ ਫੋਰਸ ਦੀ ਤੈਨਾਤੀ
ਨਵੀਂ ਦਿੱਲੀ: ਗਣਤੰਤਰ ਦਿਵਸ ਕੇ ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਹੁਣ ਤੱਕ 22 ਮਾਮਲੇ ਦਰਜ ਹੋ ਚੁੱਕੇ ਹਨ। ਇਹ ਜਾਣਕਾਰੀ ਦਿੱਲੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਤਣਾਅਪੂਰਵਕ ਮਾਹੌਲ ਤੋਂ ਬਾਅਦ ਲਾਲ ਕਿਲ੍ਹੇ ਵਿਚ ਭਾਰਤੀ ਪੁਲਿਸ ਫੋਰਸ ਦੀ ਤੈਨਾਤੀ ਕੀਤੀ ਗਈ ਹੈ।
ਲਾਲ ਕਿਲ੍ਹਾ ਮੈਟਰੋ ਸਟੇਸ਼ਨ ‘ਤੇ ਐਂਟਰੀ ਬੰਦ ਕਰ ਦਿੱਤੀ ਗਈ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਨੁਸਾਰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦਾ ਐਂਟਰੀ ਪੁਆਇੰਟ ਇਸ ਸਮੇਂ ਬੰਦ ਹੈ। ਇਸ ਸਟੇਸ਼ਨ ਤੋਂ ਬਾਹਰ ਜਾਣ ਦੀ ਆਗਿਆ ਹੈ। ਹੋਰ ਸਾਰੇ ਸਟੇਸ਼ਨ ਖੋਲ੍ਹ ਦਿੱਤੇ ਗਏ ਹਨ। ਆਮ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਹਨ।
ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਹੱਦਾਂ ਉਤੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਕਿਸਾਨ ਟਰੈਕਟਰ ਪਰੇਡ ਕੱਢਣ ਦੇ ਲਈ ਜੋ ਰੂਟ ਅਤੇ ਸਮਾਂ ਤੈਅ ਕੀਤੇ ਗਏ ਸਨ ਉਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੁਝ ਲੋਕ ਸਮੇਂ ਤੋਂ ਪਹਿਲਾਂ ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਲੱਗੇ ਬੈਰੀਕੇਡ ਨੂੰ ਤੋੜਦੇ ਹੋਏ ਰਾਸ਼ਟਰੀ ਰਾਜਧਾਨੀ ਦੀ ਹੱਦ ਵਿਚ ਦਖਲ ਹੋ ਗਏ।
ਇਸ ਤੋਂ ਬਾਅਦ ਦੀਪ ਸਿੱਧੂ ਨੇ ਅਪਣੇ ਸਾਥੀਆਂ ਸਮੇਤ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾ ਦਿੱਤਾ, ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇਸ ਦੇ ਚਲਦਿਆਂ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਗਿਆ। 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ‘ਚ ਫਿਲਮ ਅਦਾਕਾਰ ਦੀਪ ਸਿੱਧੂ ਨੂੰ ਹੁਣ ਐਨਆਈਏ ਨੇ ਤਲਬ ਕੀਤਾ ਹੈ।