ਸੜਕਾਂ ‘ਤੇ ਬੈਠੇ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ- ਬੂਟਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੂਟਾ ਸਿੰਘ ਨੇ ਕਿਹਾ ਸਥਿਤੀ ਨਾਲ ਨਜਿੱਠਣ ਲਈ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ

Boota Singh

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਟਰੈਕਟਰ ਪਰੇਡ ਦੌਰਾਨ ਦਿੱਲੀ ਵਿਖੇ ਵਾਪਰੀ ਘਟਨਾ ਬਾਰੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਇਹ ਅੰਦੋਲਨ ਕਿਸੇ ਇਕ ਵਰਗ ਦਾ ਨਹੀਂ, ਇਹ ਸਾਰੇ ਧਰਮਾਂ ਦਾ ਅੰਦੋਲਨ ਹੈ। ਬੀਤੇ ਦਿਨ ਜੋ ਵੀ ਹੋਇਆ ਉਹ ਸਪੱਸ਼ਟ ਹੈ ਕਿ ਸਰਕਾਰ ਦੀ ਸਾਜ਼ਿਸ਼ ਤਹਿਤ ਹੋਇਆ।

ਬੂਟਾ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮਾਹੌਲ ਖ਼ਰਾਬ ਕੀਤਾ, ਉਹ ਸਰਕਾਰ ਨਾਲ ਜੁੜੇ ਹੋਏ ਹਨ ਅਤੇ ਮਾਹੌਲ ਸਰਕਾਰ ਨੇ ਹੀ ਖ਼ਰਾਬ ਕਰਵਾਇਆ ਹੈ। ਇਸ ਵਿਚ ਕੋਈ ਵੀ ਕਿਸਾਨ ਜਾਂ ਮਜ਼ਦੂਰ ਸ਼ਾਮਲ ਨਹੀਂ ਸੀ। ਬੂਟਾ ਸਿੰਘ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਤੈਅ ਨਿਯਮਾਂ ਦੀ ਉਲੰਘਣਾ ਕੀਤੀ ਉਹਨਾਂ ਦੀ ਨੀਅਤ ਕਿਸਾਨਾਂ ਨੂੰ ਬਚਾਉਣ ਵਾਲੀ ਨਹੀਂ ਹੈ। ਉਹ ਲੋਕ ਸਾਡੇ ਨਾਲ ਮੀਟਿੰਗਾਂ ਵਿਚ ਜਾਂਦੇ ਰਹੇ, ਉਹ ਇਕ ਵੀ ਦਿਨ ਅਜਿਹਾ ਦੱਸਣ, ਜਿਸ ਦਿਨ ਅਸੀਂ ਕਿਹਾ ਹੋਵੇ ਕਿ ਅਸੀਂ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣਾ ਹੈ। ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ ਉਹ ਕਿਸਾਨ ਕਹਾਉਣ ਦੇ ਹੱਕਦਾਰ ਨਹੀਂ। ਆਉਣ ਵਾਲਾ ਸਮਾਂ ਉਹਨਾਂ ਨੂੰ ਮੁਆਫ ਨਹੀਂ ਕਰੇਗਾ।

ਬੂਟਾ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਅੰਦੋਲਨ ਨੂੰ ਮਜ਼ਬੂਤ ਕੀਤਾ ਜਾਵੇਗਾ। ਅੰਦੋਲਨ ਨੂੰ ਦਰੁਸਤ ਕਰਨ ਲਈ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਕਿਸਾਨ ਆਗੂ ਨੇ ਕਿਹਾ, ਇਸ ਅੰਦੋਲਨ ਦੀ ਅਗਵਾਈ ਕੁਦਰਤ ਕਰ ਰਹੀ ਹੈ। ਜਿਨ੍ਹਾਂ ਲੋਕਾਂ ਨੇ ਦੋ ਮਹੀਨੇ ਤੋਂ ਸੜਕਾਂ ‘ਤੇ ਬੈਠੇ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕੀਤਾ, ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਹਨਾਂ ਕਿਹਾ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਵਧਾਇਆ ਜਾਵੇਗਾ। ਬੂਟਾ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵਾਪਰੀ ਘਟਨਾ ਤੋਂ ਬਾਅਦ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਹੋ ਚੁੱਕਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਵਿਚ ਆ ਕੇ ਬੈਠਣ ਤੇ ਅੰਦੋਲਨ ਨੂੰ ਅੱਗੇ ਵਧਾਉਣ। ਅਸੀਂ ਮੋਰਚਾ ਜਿੱਤ ਕੇ ਜਾਵਾਂਗੇ। ਕਿਸਾਨ ਆਗੂ ਦਾ ਕਹਿਣਾ ਹੈ ਕਿ ਬੀਤੇ ਦਿਨ ਵਾਪਰੀ ਘਟਨਾ ਨੇ ਸਾਫ ਕਰ ਦਿੱਤਾ ਹੈ ਕਿ ਕੌਣ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ ਤੇ ਕੌਣ ਰੋਟੀਆਂ ਸੇਕਣ ਦੀ ਤਾਕ ਵਿਚ ਹਨ।

ਲਾਲ ਕਿਲ੍ਹੇ ‘ਤੇ ਝ਼ੰਡਾ ਲਹਿਰਾਉਣ ਦੀ ਘਟਨਾ ‘ਤੇ ਉਹਨਾਂ ਕਿਹਾ ਕਿ ਉਹ ਖਾਲਸੇ ਦਾ ਨਿਸ਼ਾਨ ਹੈ ਅਸੀਂ ਉਸ ਤੋਂ ਭੱਜ ਨਹੀਂ ਸਕਦੇ। ਪਰ ਉੱਥੇ ਝੰਡਾ ਲਹਿਰਾਉਣ ਦਾ ਕੋਈ ਮਤਲਬ ਨਹੀਂ ਸੀ। ਕੱਲ੍ਹ ਸਿਰਫ ਅਸੀਂ ਕਿਸਾਨ ਟਰੈਕਟਰ ਪਰੇਡ ਕਰਨੀ ਸੀ, ਜਿਸ ਨਾਲ ਨਵਾਂ ਇਤਿਹਾਸ ਸਿਰਜਿਆ ਜਾਣਾ ਸੀ। ਸਰਕਾਰ ਨੂੰ ਇਹ ਸਾਰੀਆਂ ਗੱਲਾਂ ਚੁਭਦੀਆਂ ਸਨ, ਇਸ ਲਈ ਸਰਕਾਰ ਨੇ ਟਰੈਕਟਰ ਮਾਰਚ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।