ਜੰਗ ਵਰਗੇ ਹਾਲਾਤ, ਪੂਰੇ ਪਾਕਿ ’ਚ ਹਵਾਈ ਸੇਵਾਵਾਂ ਰੱਦ, ਭਾਰਤ ’ਚ ਵੀ ਹਾਈ ਅਲਰਟ
ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੀ ਏਅਰਸਟਰਾਇਕ ਤੋਂ ਬਾਅਦ ਪਾਕਿਸਤਾਨ ਵਲੋਂ ਸਰਹੱਦ ਉਤੇ ਲਗਾਤਾਰ...
ਨਵੀਂ ਦਿੱਲੀ : ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੀ ਏਅਰਸਟਰਾਇਕ ਤੋਂ ਬਾਅਦ ਪਾਕਿਸਤਾਨ ਵਲੋਂ ਸਰਹੱਦ ਉਤੇ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਹਮਲੇ ਤੋਂ ਬਾਅਦ ਪਾਕਿ ਵਲੋਂ LoC ਉਤੇ ਜਾਰੀ ਗੋਲੀਬਾਰੀ ਦੇ ਵਿਚ ਪਾਕਿਸਤਾਨੀ ਲੜਾਕੂ ਜਹਾਜ਼ ਨੇ ਭਾਰਤੀ ਹਵਾਈ ਸੀਮਾ ਦੀ ਉਲੰਘਣਾ ਕੀਤੀ ਅਤੇ ਸੀਮਾ ਵਿਚ ਉਸ ਦੇ 2 ਜਹਾਜ਼ ਵੜ ਆਏ ਅਤੇ ਪਾਕਿ ਦੀ ਇਸ ਹਰਕਤ ਤੋਂ ਬਾਅਦ ਕਈ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਏਅਰਪੋਰਟ ਉਤੇ ਜਹਾਜ਼ਾਂ ਦੀ ਆਵਾਜਾਈ ਰੋਕ ਦਿਤੀ ਗਈ ਹੈ। ਅੰਮ੍ਰਿਤਸਰ ਏਅਰਪੋਰਟ ਨੂੰ ਖਾਲੀ ਕਰਾ ਲਿਆ ਗਿਆ ਹੈ।
ਰਾਜ ਦੇ ਲੇਹ, ਜੰਮੂ, ਸ਼੍ਰੀਨਗਰ ਅਤੇ ਪਠਾਨਕੋਟ ਦੇ ਏਅਰਪੋਰਟ ਨੂੰ ਹਾਈ ਅਲਰਟ ਉਤੇ ਰੱਖਿਆ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਜਗ੍ਹਾਵਾਂ ਉਤੇ ਏਅਰਸਪੇਸ ਨੂੰ ਬੰਦ ਕਰ ਦਿਤਾ ਗਿਆ ਹੈ। ਕਈ ਵਪਾਰਕ ਜਹਾਜ਼ਾਂ ਨੂੰ ਵੀ ਰੋਕ ਦਿਤਾ ਗਿਆ ਹੈ। ਭਾਰਤੀ ਏਅਰਪੋਰਟ ਅੱਡਿਆਂ ( AAI) ਨਾਲ ਜੁੜੇ ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਤੋਂ ਇਲਾਵਾ ਪੰਜਾਬ ਦੇ ਏਅਰਪੋਰਟ ਨੂੰ ਬੰਦ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਉਤਰਾਖੰਡ ਦੇ ਦੇਹਰਾਦੂਨ ਅਤੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਏਅਰਪੋਰਟ ਨੂੰ ਵੀ ਬੰਦ ਕਰ ਦਿਤਾ ਗਿਆ ਹੈ।
ਸੂਤਰਾਂ ਮੁਤਾਬਕ, ਸਰਹੱਦ ਉਤੇ ਤਣਾਅ ਦੇ ਵਿਚ ਕਈ ਅੰਤਰਰਾਸ਼ਟਰੀ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਕਈ ਉਡਾਣਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ ਨੂੰ ਵਿਕਲਪਿਕ ਰੂਟਾਂ ਉਤੇ ਭੇਜਿਆ ਜਾ ਰਿਹਾ ਹੈ। ਉਥੇ ਹੀ ਅੰਮ੍ਰਿਤਸਰ ਏਅਰਪੋਰਟ ਨੂੰ ਵੀ ਬੰਦ ਕਰ ਦਿਤਾ ਗਿਆ ਹੈ। ਏਅਰਪੋਰਟ ਬੰਦ ਕੀਤੇ ਜਾਣ ਨਾਲ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ, ਪਾਕਿਸਤਾਨ ਨੇ ਉੱਥੇ ਕਿਸੇ ਵੀ ਤਰ੍ਹਾਂ ਦੀ ਉਡਾਣ ਨੂੰ ਰੱਦ ਕਰ ਦਿਤਾ ਹੈ ਅਤੇ ਆਪਰੇਸ਼ਨ ਨੂੰ ਰੋਕ ਦਿਤਾ ਹੈ। ਪਾਕਿ ਵਿਚ ਲਾਹੌਰ, ਮੁਲਤਾਨ, ਫੈਸਲਾਬਾਦ, ਸਿਆਲਕੋਟ ਅਤੇ ਇਸਲਾਮਾਬਾਦ ਏਅਰਪੋਰਟ ਨੂੰ ਤੱਤਕਾਲ ਪ੍ਰਭਾਵ ਤੋਂ ਬੰਦ ਕਰ ਦਿਤਾ ਗਿਆ ਹੈ। ਪਾਕਿਸਤਾਨੀ ਜੈੱਟ ਫਾਈਟਰ ਜਹਾਜ਼ ਨੇ ਭਾਰਤੀ ਹਵਾਈ ਸੀਮਾ ਦੀ ਉਲੰਘਣਾ ਕਰਦੇ ਹੋਏ ਲਾਈਨ ਆਫ਼ ਕੰਟਰੋਲ (ਐਲਓਸੀ) ਦੇ ਕੋਲ 4 ਜਗ੍ਹਾਵਾਂ ਉਤੇ ਪੇਲੋਡ ਸੁੱਟੇ ਗਏ।
ਭਾਰਤੀ ਹਵਾਈ ਫ਼ੌਜ ਦੀਆਂ ਗਤੀਵਿਧੀਆਂ ਦੇ ਕਾਰਨ ਸ਼੍ਰੀਨਗਰ ਏਅਰਪੋਰਟ ਨੂੰ ਵਪਾਰਕ ਉਡਾਣ ਲਈ ਰੋਕ ਦਿਤਾ ਗਿਆ ਹੈ। ਸਥਾਨਕ ਅਧਿਕਾਰੀਆਂ ਦੇ ਮੁਤਾਬਕ, ਆਮ ਨਾਗਰਿਕਾਂ ਲਈ ਰਨਵੇ ਅਗਲੇ 3 ਘੰਟੇ ਤੱਕ ਬੰਦ ਰਹੇਗਾ। ਸਰਹੱਦ ਉਤੇ ਵੱਧਦੇ ਤਣਾਅ ਨੂੰ ਵੇਖਦੇ ਹੋਏ ਸਰਹੱਦ ਉਤੇ ਸਥਿਤ ਹਰ ਤਰ੍ਹਾਂ ਦੇ ਹਸਪਤਾਲ ਅਤੇ ਸਿਹਤ ਕੇਂਦਰਾਂ ਉਤੇ ਭਾਰੀ ਗਿਣਤੀ ਵਿਚ ਦਵਾਈਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਨਾਲ ਹੀ ਇਨ੍ਹਾਂ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿਚ ਕਰਮਚਾਰੀਆਂ ਦੀ ਛੁੱਟੀ ਨੂੰ ਰੱਦ ਕਰ ਦਿਤਾ ਗਿਆ ਹੈ।
ਦੂਜੇ ਪਾਸੇ, ਪਾਕਿਸਤਾਨੀ ਹਵਾਈ ਫੌਜ ਦੇ ਭਾਰਤੀ ਖੇਤਰ ਵਿਚ ਘੁਸਪੈਠ ਕਰਨ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੂੰ ਹਾਈ ਅਲਰਟ ਉਤੇ ਰੱਖਿਆ ਗਿਆ ਹੈ। ਪਾਇਲਟਾਂ ਨੂੰ ਤਿਆਰ ਰਹਿਣ ਦਾ ਹੁਕਮ ਦਿਤਾ ਗਿਆ ਹੈ।