CM ਕੇਜਰੀਵਾਲ ਦਾ ਹਿੰਸਾ ਪੀੜਤਾਂ ਲਈ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਪ੍ਰੈਸ ਕਾਨਫਰੰਸ ਕਰ ਕੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ।

Photo

ਨਵੀਂ ਦਿੱਲੀ: ਬੀਤੇ ਦਿਨੀਂ ਦਿੱਲੀ ਵਿਚ ਵਾਪਰੀ ਭਿਆਨਕ ਹਿੰਸਾ ਨੇ ਰਾਸ਼ਟਰੀ ਰਾਜਧਾਨੀ ਨੂੰ ਬਦਲ ਕੇ ਰੱਖ ਦਿੱਤਾ ਹੈ। ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਹਿੰਸਾ ਪੀੜਤਾਂ ਲਈ ਵੱਡਾ ਐਲਾਨ ਕੀਤਾ ਹੈ। ਦਰਅਸਲ ਦਿੱਲੀ ਵਿਚ ਹਿੰਸਾ ਪੀੜਤਾਂ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਦਾ ਖਰਚਾ ਦਿੱਲੀ ਸਰਕਾਰ ਚੁੱਕੇਗੀ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਪ੍ਰੈਸ ਕਾਨਫਰੰਸ ਕਰ ਕੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਜ਼ਖਮੀ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਾਉਂਦਾ ਹੈ ਤਾਂ ਉਸ ਦਾ ਖਰਚਾ ਦਿੱਲੀ ਸਰਕਾਰ ਚੁੱਕੇਗੀ। ਸੀਐਮ ਨੇ ਕਿਹਾ ਦੰਗਾ ਪੀੜਤਾਂ ਨੂੰ ‘ਫਰੀਸ਼ਤੇ’ ਯੋਜਨਾ ਦਾ ਲਾਭ ਮਿਲੇਗਾ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਹਿੰਸਾ ਪੀੜਤਾਂ ਲਈ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ। ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਸੜ ਗਏ ਹਨ, ਉਹਨਾਂ ਨੂੰ 5 ਲੱਖ ਅਤੇ ਜਿਨ੍ਹਾਂ ਦੀਆਂ ਦੁਕਾਨਾਂ ਸੜੀਆਂ ਹਨ ਉਹਨਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।

ਉੱਥੇ ਹੀ ਆਪ ਪਰੀਸ਼ਦ ਤਾਹਿਸ ਹੁਸੈਨ ‘ਤੇ ਹਿੰਸਾ ਭੜਕਾਉਣ ਦੇ ਅਰੋਪਾਂ ‘ਤੇ ਕੇਜਰੀਵਾਲ ਨੇ ਕਿਹਾ ਕਿ ਜੇਕਰ ਸਾਡੀ ਪਾਰਟੀ ਦਾ ਕੋਈ ਵੀ ਨੇਤਾ ਇਸ ਹਿੰਸਾ ਵਿਚ ਸ਼ਾਮਲ ਹੋਇਆ ਤਾਂ ਉਸ ਨੂੰ ਦੁੱਗਣੀ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਹਿੰਸਾ ਭੜਕਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਤੋਂ ਸ਼ੁਰੂ ਹੋਈ ਹਿੰਸਾ ਬੀਤੇ ਦਿਨ ਵੀ ਜਾਰੀ ਰਹੀ। ਉੱਤਰ ਪੂਰਬੀ ਦਿੱਲੀ ਦੇ ਗੋਕਲਪੁਰ ਟਾਇਰ ਮਾਰਕਿਟ ਵਿਚ ਗੁੰਡਿਆਂ ਨੇ ਅੱਗ ਲਗਾ ਦਿੱਤੀ। ਉੱਥੇ ਹੀ ਦਿੱਲੀ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ।