ਹਿੰਸਾ ਨੇ ਕਈਆਂ ਦੇ ਦਿਲ ਤੋਂ ਦੂਰ ਕੀਤੀ ਦਿੱਲੀ, ਘਰ-ਬਾਹਰ ਛੱਡ ਕੇ ਜਾ ਰਹੇ ਨੇ ਲੋਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿੰਸਾ ਦੌਰਾਨ ਹੀ ਸਾਹਮਣੇ ਆਈਆਂ ਆਪਸੀ ਭਾਈਚਾਰੇ ਦੀਆਂ ਮਿਸਾਲਾਂ

file photo

ਨਵੀਂ ਦਿੱਲੀ : ਦਿੱਲੀ ਵਿਚ ਹੋਈ ਹਿੰਸਾ ਨੇ ਕਈਆਂ ਨੂੰ ਦਿੱਲੀ ਤੋਂ ਦੂਰ ਕਰਨ ਦਾ ਕੰਮ ਕੀਤਾ ਹੈ। ਰੋਜ਼ੀ-ਰੋਟੀ ਦੀ ਭਾਲ ਵਿਚ ਆਏ ਬਹੁਤੇ ਲੋਕ ਹੁਣ ਅਪਣੇ ਅਪਣੇ ਗ੍ਰਹਿ ਸਥਾਨਾਂ ਨੂੰ ਕੂਚ ਕਰ ਰਹੇ ਹਨ। ਇਨ੍ਹਾਂ ਵਿਚ ਮੁਸਤਫਾਬਾਦ ਵਾਸੀ ਅਕਰਮ ਵੀ ਸ਼ਾਮਲ ਹੈ ਜੋ ਅਪਣੇ ਪੂਰੇ ਪਰਵਾਰ ਸਮੇਤ ਦਿੱਲੀ ਤੋਂ ਕੂਚ ਕਰ ਵਾਪਸ ਅਪਣੇ ਪਿੰਡ ਚਲਾ ਗਿਆ ਹੈ। ਉਹ ਦਿੱਲੀ 'ਚ ਮਜ਼ਦੂਰੀ ਕਰ ਕੇ ਅਪਣਾ ਪਰਵਾਰ ਪਾਲ ਰਿਹਾ ਸੀ।

ਇਸੇ ਤਰ੍ਹਾਂ ਦਿੱਲੀ ਦੇ ਵੱਖ ਵੱਖ ਖੇਤਰਾਂ ਵਿਚੋਂ ਬਹੁਤ ਸਾਰੇ ਲੋਕ ਦੰਗਿਆਂ ਦੇ ਖੌਫ਼ ਕਾਰਨ ਇਲਾਕਾ ਛੱਡਣ ਲਈ ਮਜ਼ਬੂਰ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਉਹ ਲੋਕ ਹਨ ਜੋ ਕੇਵਲ ਰੋਜ਼ੀ-ਰੋਟੀ ਦੀ ਭਾਲ ਵਿਚ ਹੀ ਦਿੱਲੀ ਆਏ ਹੋਏ ਸਨ। ਲੋਕਾਂ ਦਾ ਕਹਿਣਾ ਸੀ ਕਿ ਉਹ ਹੁਣ ਕਦੇ ਵੀ ਵਾਪਸ ਨਹੀਂ ਆਉਣਗੇ। ਇਸੇ ਤਰ੍ਹਾਂ ਦਿੱਲੀ ਦੇ ਗੰਗਾ ਵਿਹਾਰ ਇਲਾਕੇ ਵਿਚੋਂ ਵੀ ਕਈ ਲੋਕ ਚਲੇ ਗਏ ਹਨ। ਕਈ ਘਰਾਂ ਦੇ ਤਾਲੇ ਲੱਗੇ ਹੋਏ ਹਨ।

ਸਥਾਨਕ ਲੋਕਾਂ ਅਨੁਸਾਰ ਇਨ੍ਹਾਂ ਤਾਲੇ ਲੱਗੇ ਘਰਾਂ ਦੇ ਵਾਸੀ ਹਿੰਸਾ ਦੌਰਾਨ ਇਥੋਂ ਚਲੇ ਗਏ ਹਨ। ਹੁਣ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਆਉਣ ਲਈ ਕਿਹਾ ਜਾ ਰਿਹਾ ਹੈ, ਪਰ ਉਹ ਅਜੇ ਤਕ ਇਸ ਲਈ ਖੁਦ ਨੂੰ ਤਿਆਰ ਨਹੀਂ ਕਰ ਪਾ ਰਹੇ। ਇਸੇ ਦੌਰਾਨ ਦਿੱਲੀ ਦੀ ਪੀਰਵਾਲੀ ਗਲੀ ਵਿਚ ਭਾਈਚਾਰੇ ਅਤੇ ਵਿਸ਼ਵਾਸ ਦੀ ਉਦਾਹਰਨ ਵੀ ਸਾਹਮਣੇ ਆਈ ਹੈ। ਇੱਥੇ ਹਿੰਦੂ ਪਰਵਾਰਾਂ ਵਲੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਲਈ ਹੋਈ ਹੈ।

ਗੋਕਲਪੁਰੀ ਇਲਾਕੇ ਵਿਚ ਪੀਰਵਾਲੀ ਗਲੀ ਦੇ ਵਾਸੀਆਂ ਵਲੋਂ ਵੀ ਅਪਣੇ ਮੁਹੱਲੇ 'ਚ ਰਹਿੰਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਇਲਾਕੇ ਵਿਚ ਕਈ ਅਜਿਹੇ ਘਰ ਵੀ ਹਨ ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਅਪਣੇ ਘਰਾਂ ਦੇ ਜ਼ਿੰਮੇਵਾਰੀ ਦੂਜੇ ਫਿਰਕਿਆਂ ਦੇ ਹੱਥ ਦੇ ਕੇ ਚਲੇ ਗਏ ਹਨ।

ਇਸੇ ਦੌਰਾਨ ਦਿੱਲੀ ਵਿਚ ਹਿੰਸਾ ਦੇ ਭੇਂਟ ਚੜ੍ਹੇ ਲੋਕਾਂ ਦੀ ਗਿਣਤੀ 35 ਤਕ ਪਹੁੰਚ ਗਈ ਹੈ। ਵੀਰਵਾਰ ਨੂੰ ਗਗਨਪੁਰੀ ਇਲਾਕੇ ਦੇ ਇਕ ਨਾਲੇ ਵਿਚੋਂ ਦੋ ਹੋਰ ਲਾਸ਼ਾਂ ਮਿਲਣ ਤੋਂ ਬਾਅਦ ਲਾਸ਼ਾਂ ਦੀ ਗਿਣਤੀ ਵਧਣ ਦੀ ਸ਼ੰਕਾਵਾਂ ਵਧ ਗਈਆਂ ਹਨ। ਕਾਬਲੇਗੌਰ ਹੈ ਕਿ ਬੁੱਧਵਾਰ ਨੂੰ ਖਜ਼ੂਰੀ ਖਾਸ ਇਲਾਕੇ ਦੇ ਇਕ ਨਾਲੇ ਵਿਚੋਂ ਆਈਬੀ ਕਰਮਚਾਰੀ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ ਸੀ। ਹਿੰਸਾ ਪ੍ਰਭਾਵਿਤ ਇਲਾਕਿਆਂ ਅੰਦਰ ਅਜੇ ਵੀ  ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ।

ਬੁੱਧਵਾਰ ਰਾਤ ਵੀ ਹਿੰਸਾ ਦੀਆਂ ਕੁੱਝ ਘਟਨਾਵਾਂ ਸਾਹਮਣੇ ਆਈਆਂ ਸਨ ਜਿੱਥੇ ਜੋਤੀਨਗਰ 'ਚ ਅਸ਼ੋਕ ਨਗਰ ਫਲਾਈਓਵਰ ਕੋਲ ਇਕ ਛੋਟਾ ਹਾਥੀ ਅਤੇ ਬਾਈਕ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ ਸੀ। ਜਾਫਰਾਬਾਦ, ਮੌਜਪੁਰ, ਚਾਂਦਬਾਗ, ਗੋਕੁਲਪੁਰੀ ਅਤੇ ਨੇੜਲੇ ਇਲਾਕਿਆਂ ਵਿਚ ਭਾਵੇਂ ਸ਼ਾਂਤੀ ਰਹੀ ਪਰ ਡਰ ਦਾ ਮਾਹੌਲ ਅਜੇ ਵੀ ਕਾਇਮ ਹੈ। ਜ਼ਿਆਦਾਤਰ ਦੁਕਾਨਾਂ ਬੰਦ ਹਨ ਅਤੇ ਘਰਾਂ ਦੇ ਦਰਵਾਜ਼ਿਆਂ 'ਤੇ ਹਿੰਸਾ ਦੇ ਨਿਸ਼ਾਨ ਮਨੁੱਖੀ ਤਰਾਸਦੀ ਦੀ ਗਵਾਹੀ ਭਰ ਰਹੇ ਹਨ।

ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਨਿਰਦੇਸ਼ਕ ਅਤੁਲ ਗਰਗ ਅਨੁਸਾਰ ਦਿੱਲੀ ਫਾਇਰ ਬ੍ਰਿਗੇਡ ਸੇਵਾ ਨੂੰ ਦੰਗਾ ਪ੍ਰਭਾਵਿਤ ਇਲਾਕਿਆਂ ਵਿਚੋਂ ਅੱਧੀ ਰਾਤ ਤੋਂ ਸਵੇਰੇ 8 ਵਜੇ ਤਕ 19 ਫ਼ੋਨ ਆਏ। ਉਨ੍ਹਾਂ ਦਸਿਆ ਕਿ ਇਲਾਕੇ 'ਚ 100 ਤੋਂ ਵੱਧ ਕਰਮਚਾਰੀ ਤੈਨਾਤ ਹਨ। ਇਲਾਕੇ 'ਚ ਮੌਜੂਦ ਚਾਰ ਬ੍ਰਿਗੇਡ ਸਟੇਸ਼ਨਾਂ ਨੂੰ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਿਤੀਆਂ ਗਈਆਂ ਹਨ। ਜਦਕਿ ਸੀਨੀਅਰ ਅਧਿਕਾਰੀਆਂ ਵਲੋਂ ਪ੍ਰਭਾਵਿਤ ਇਲਾਕਿਆਂ ਦੀ ਦਿਨ ਰਾਤ ਨਿਗਰਾਨੀ ਕੀਤੀ ਜਾ ਰਹੀ ਹੈ।