ਦਿੱਲੀ ਸੜ ਰਹੀ ਹੈ ਪਰ ਪੁਲਿਸ ਉਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਵੀ ਅੱਗ ਵਿਚ ਤੇਲ ਹੀ ਪਾਇਆ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦਿੱਲੀ ਸੜ ਰਹੀ ਹੈ ਅਤੇ ਹਰ ਘੜੀ ਮੌਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਦੰਗੇ ਕਰਨ ਵਾਲਿਆਂ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਉਨ੍ਹਾਂ ਦੇ ਵੀਡੀਉ.....

File Photo

ਦਿੱਲੀ ਸੜ ਰਹੀ ਹੈ ਅਤੇ ਹਰ ਘੜੀ ਮੌਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਦੰਗੇ ਕਰਨ ਵਾਲਿਆਂ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਉਨ੍ਹਾਂ ਦੇ ਵੀਡੀਉ ਰੀਕਾਰਡ ਨਾ ਕਰੇ ਪਰ ਫਿਰ ਵੀ ਇਸ ਸੂਚਨਾ ਕ੍ਰਾਂਤੀ ਦੇ ਦੌਰ ਵਿਚ ਕੁੱਝ ਨਾ ਕੁੱਝ ਬਾਹਰ ਆ ਹੀ ਰਿਹਾ ਹੈ। ਸ਼ਾਇਦ ਇਸੇ ਕਰ ਕੇ ਹਾਲਾਤ '84 ਵਾਂਗ ਨਹੀਂ ਵਿਗੜੇ।

ਉਸ ਸਮੇਂ ਦੂਰਦਰਸ਼ਨ ਤੋਂ ਇਲਾਵਾ ਹੋਰ ਕੋਈ ਟੀ.ਵੀ. ਚੈਨਲ ਵੀ ਨਹੀਂ ਸਨ ਹੁੰਦੇ ਪਰ ਅੱਜ ਟੀ.ਵੀ. ਚੈਨਲਾਂ ਦੀ ਭੀੜ ਦਾ ਕੁੱਝ ਡਰ ਤਾਂ ਹੈ, ਭਾਵੇਂ ਕਿ ਓਨਾ ਨਹੀਂ ਜਿੰਨਾ ਹੋਣਾ ਚਾਹੀਦਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਆਖਿਆ ਹੈ ਕਿ ਫ਼ੌਜ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਦਿੱਲੀ ਪੁਲਿਸ ਕੋਲ ਜ਼ਰੂਰਤ ਮੁਤਾਬਕ ਪੂਰੀ ਤਾਕਤ ਹੈ।

ਪਰ ਸਵਾਲ ਇਹ ਹੈ ਕਿ ਇਹ ਤਾਕਤ ਦੰਗੇ ਰੋਕਣ ਵਾਸਤੇ ਜਾਂ ਦੰਗਾਕਾਰੀਆਂ ਨੂੰ ਬਚਾਉਣ ਵਾਸਤੇ ਵਰਤੀ ਜਾ ਰਹੀ ਹੈ? ਇਕ ਵੀਡੀਉ ਸਾਹਮਣੇ ਆਇਆ ਹੈ ਜਿਸ ਵਿਚ ਕੁੱਝ ਆਦਮੀ ਅੱਧਮਰੀ ਹਾਲਤ ਵਿਚ ਜ਼ਮੀਨ ਉਤੇ ਕੂੜੇ ਦੀ ਢੇਰੀ ਵਾਂਗ ਇਕ-ਦੂਜੇ ਉਪਰ ਸੁੱਟੇ ਪਏ ਹਨ ਅਤੇ ਦਿੱਲੀ ਪੁਲਿਸ ਲਾਠੀਆਂ ਨਾਲ ਹਿਲਾ ਕੇ ਉਨ੍ਹਾਂ ਤੋਂ ਜਨ-ਗਨ-ਮਨ ਗਵਾ ਰਹੀ ਹੈ।

ਇਕ ਹੋਰ ਵੀਡੀਉ ਸਾਹਮਣੇ ਆਇਆ ਹੈ ਜੋ ਕਿ ਸੀ.ਐਨ.ਐਨ. ਦੇ ਪੱਤਰਕਾਰ ਨੇ ਰੀਕਾਰਡ ਕੀਤਾ ਹੈ ਜਿਸ ਵਿਚ ਫ਼ਿਰਕੂ ਭੀੜ ਪਾਗਲ ਕੁੱਤਿਆਂ ਵਾਂਗ ਹਮਲਾ ਕਰ ਰਹੀ ਹੈ ਅਤੇ ਦਿੱਲੀ ਪੁਲਿਸ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰ ਰਹੀ ਹੈ। ਤਣਾਅ ਅਤੇ ਆਤੰਕ ਨਾਲ ਖ਼ੂਨੋ ਖ਼ੂਨ ਹੋਏ ਇਲਾਕੇ ਵਿਚ ਪੁਲਿਸ ਦੀ ਹਾਜ਼ਰੀ ਵਿਚ ਲਾਊਡ ਸਪੀਕਰ ਲੱਗੇ ਹੋਏ ਸਨ ਜਿਥੇ ਫ਼ਿਰਕੂ ਭੀੜ ਨੂੰ ਹੁਕਮ ਦਿਤੇ ਜਾ ਰਹੇ ਸਨ ਕਿ ਉਹ ਕਿਸ ਪਾਸੇ ਹਮਲਾ ਕਰਨ।

ਪੁਲਿਸ ਦੇ ਸਾਹਮਣੇ ਇਕ ਮੁਸਲਮਾਨ ਨੂੰ ਹਿੰਦੂ ਇਲਾਕੇ ਵਿਚ ਜਾਂਦਿਆਂ ਰੋਕ ਕੇ ਉਸ ਦੇ ਪੇਟ ਵਿਚ ਗੋਲੀ ਮਾਰ ਦਿਤੀ ਗਈ। ਇਕ ਮਸਜਿਦ ਉਤੇ ਚੜ੍ਹ ਕੇ ਹਿੰਦੂ ਧਰਮ ਦਾ ਝੰਡਾ ਲਹਿਰਾਇਆ ਗਿਆ। ਇਸ ਤਰ੍ਹਾਂ ਦੇ ਹੋਰ ਕਈ ਵੀਡੀਉ ਵੀ ਸਾਹਮਣੇ ਆ ਰਹੇ ਹਨ ਜੋ ਸਿੱਧ ਕਰਦੇ ਹਨ ਕਿ ਦਿੱਲੀ ਪੁਲਿਸ ਨਾਕਾਮ ਨਹੀਂ ਹੋਈ ਸਗੋਂ ਇਸ ਹਿੰਸਾ ਨੂੰ ਫੈਲਾਉਣ ਵਾਲਿਆਂ ਵਿਚ ਸ਼ਾਮਲ ਹੈ।

ਦੰਗਾਕਾਰੀਆਂ ਵਿਚ ਡਰ ਨਾਂ ਦੀ ਚੀਜ਼ ਨਹੀਂ ਨਜ਼ਰ ਆ ਰਹੀ। ਸਮਝਣਾ ਜ਼ਰੂਰੀ ਹੈ ਕਿ ਦੰਗੇ ਕਰਨ ਵਾਲਿਆਂ ਵਿਚ ਹਿੰਮਤ ਕਿਥੋਂ ਆ ਰਹੀ ਹੈ? ਉਹ ਕਿਉਂ ਦਿੱਲੀ ਪੁਲਿਸ ਤੋਂ ਹਮਾਇਤ ਦੀ ਆਸ ਰੱਖ ਰਹੇ ਹਨ ਅਤੇ ਦਿੱਲੀ ਪੁਲਿਸ ਉਨ੍ਹਾਂ ਨੂੰ ਹਮਾਇਤ ਕਿਉਂ ਦੇ ਰਹੀ ਹੈ? ਕਪਿਲ ਮਿਸ਼ਰਾ ਨੇ ਇਨ੍ਹਾਂ ਦੰਗਿਆਂ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਹੱਲਾਸ਼ੇਰੀ ਦਿਤੀ ਕਿ ਡੋਨਾਲਡ ਟਰੰਪ ਦੇ ਜਾਣ ਤਕ ਸ਼ਾਂਤੀ ਰੱਖੋ ਪਰ ਉਸ ਤੋਂ ਬਾਅਦ ਸੀ.ਏ.ਏ. ਵਿਰੋਧੀਆਂ ਨੂੰ ਭਜਾ ਦਿਤਾ ਜਾਵੇਗਾ।

ਉਨ੍ਹਾਂ ਇਹ ਅੱਗ ਸ਼ਾਇਦ ਡੋਨਾਲਡ ਟਰੰਪ ਦੇ ਜਾਣ ਮਗਰੋਂ ਲਾਉਣ ਦੀ ਸੋਚੀ ਹੋਵੇਗੀ ਪਰ ਨਫ਼ਰਤਾਂ ਦੀ ਅੱਗ ਕਿਸੇ ਦੇ ਕਾਬੂ ਵਿਚ ਨਹੀਂ ਰਹਿੰਦੀ। ਹਸਪਤਾਲ ਦੇ ਬਾਹਰ ਮ੍ਰਿਤਕਾਂ ਦੇ ਪ੍ਰਵਾਰਾਂ ਦੀ ਹਾਲਤ ਰੋਣ ਲਈ ਮਜਬੂਰ ਕਰ ਦਿੰਦੀ ਹੈ ਅਤੇ ਫਿਰ ਨਜ਼ਰ ਆਉਂਦਾ ਹੈ ਕਿ ਕਿਸ ਤਰ੍ਹਾਂ ਮੌਤ ਦੇ ਸੋਗ ਵਿਚ ਹਿੰਦੂ-ਮੁਸਲਮਾਨ ਪ੍ਰਵਾਰ ਇਕੱਠੇ ਹੁੰਦੇ ਹਨ।

ਇਕ ਹਿੰਦੂ ਮ੍ਰਿਤਕ ਦੇ ਪਿਤਾ ਕਪਿਲ ਮਿਸ਼ਰਾ ਨੂੰ ਕੋਸਦੇ ਸੁਣੇ ਗਏ ਜੋ ਕਹਿ ਰਹੇ ਸਨ ਕਿ ਅੱਗ ਲਾ ਕੇ ਆਪ ਤਾਂ ਭੱਜ ਗਿਆ। ਇਲਾਕੇ ਵਾਲੇ ਵੀ ਆਖਦੇ ਹਨ ਕਿ ਕਿਸੇ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਸੀ। ਸਿਰਫ਼ ਆਗੂਆਂ ਨੂੰ ਇਤਰਾਜ਼ ਜਾਪਦਾ ਹੈ। ਦਿੱਲੀ ਦੇ ਦੰਗਿਆਂ ਵਿਚ ਅੱਜ ਅਦਾਲਤ ਵੀ ਕਸੂਰਵਾਰ ਬਣ ਗਈ ਜਾਪਦੀ ਹੈ ਜਿਸ ਨੇ ਪਿਛਲੇ ਤਿੰਨ ਮਹੀਨਿਆਂ ਵਿਚ ਦਿੱਲੀ ਪੁਲਿਸ ਵਲੋਂ, ਕਦੇ ਜਾਮੀਆ ਅਤੇ ਕਦੇ ਜਵਾਹਰ ਲਾਲ 'ਵਰਸਟੀ ਦੇ ਬੱਚਿਆਂ ਉਤੇ ਜ਼ੁਲਮ ਢਾਹੁਣ ਵਿਰੁਧ ਕੋਈ ਸਖ਼ਤੀ ਨਹੀਂ ਵਿਖਾਈ।

ਉਸ ਰਵਈਏ ਨੇ ਦਿੱਲੀ ਪੁਲਿਸ ਨੂੰ ਤਾਕਤ ਦਿਤੀ ਕਿ ਉਹ ਅੱਜ ਇਨ੍ਹਾਂ ਦੰਗਿਆਂ ਨੂੰ ਰੋਕਣ ਦੀ ਬਜਾਏ ਉਨ੍ਹਾਂ ਨੂੰ ਵਧਾਉਣ। ਦਿੱਲੀ ਪੁਲਿਸ ਦਾ ਇਕ ਕਾਂਸਟੇਬਲ ਅਤੇ ਇਕ ਆਈ.ਬੀ. ਵਿਚ ਕੰਮ ਕਰਨ ਵਾਲੇ ਮੁਲਾਜ਼ਮ ਦੀ ਮੌਤ ਦਿੱਲੀ ਪੁਲਿਸ ਵਾਸਤੇ ਸੁਨੇਹਾ ਹੈ ਕਿ ਉਨ੍ਹਾਂ ਦੀ ਨਾਕਾਮੀ ਦਾ ਮੁੱਲ ਸਿਰਫ਼ 25-50 ਆਮ ਪ੍ਰਵਾਰਾਂ ਨੇ ਹੀ ਨਹੀਂ ਤਾਰਿਆ ਬਲਕਿ ਪੁਲਿਸ ਨੂੰ ਖ਼ੁਦ ਵੀ ਨੁਕਸਾਨ ਝਲਣਾ ਪਿਆ ਹੈ।

ਹੁਣ ਜਦੋਂ ਦਿੱਲੀ ਬੇਕਾਬੂ ਹੋ ਚੁੱਕੀ ਹੈ ਤਾਂ ਭਾਈਚਾਰੇ ਦਾ ਵਾਸਤਾ ਦੇਣ ਵਾਲੇ ਆਗੂ ਅਪਣੇ ਆਪ ਨੂੰ ਸਵਾਲ ਪੁੱਛਣ ਕਿ ਇਸ ਭਾਈਚਾਰੇ ਨੂੰ ਕਿਸ ਕਿਸ ਨੇ ਪਿਛਲੇ ਛੇ ਸਾਲਾਂ ਵਿਚ ਕਮਜ਼ੋਰ ਕੀਤਾ? ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੁੱਛਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਵਾਸਤੇ ਦਿੱਲੀ ਅਤੇ ਦਿੱਲੀ ਦੇ ਲੋਕ ਜ਼ਰੂਰੀ ਸਨ ਜਾਂ ਇਕ ਗ੍ਰਹਿ ਮੰਤਰੀ ਵਾਸਤੇ ਡੋਨਾਲਡ ਟਰੰਪ ਅੱਗੇ ਪ੍ਰੋਸੀ ਜਾਣ ਵਾਲੀ ਇਕ ਝੂਠੀ ਏਕਤਾ ਦੀ ਤਿਆਰੀ ਜ਼ਰੂਰੀ ਸੀ?

ਅਦਾਲਤ ਨੇ ਆਖਿਆ ਹੈ ਕਿ ਅਸੀ ਮੁੜ ਤੋਂ ਦਿੱਲੀ ਵਿਚ 1984 ਨਹੀਂ ਦੁਹਰਾਉਣ ਦੇਵਾਂਗੇ ਪਰ ਦਿੱਲੀ ਵਿਚ ਫ਼ੌਜ ਨਾ ਬੁਲਾ ਕੇ 1984 ਅਤੇ ਗੁਜਰਾਤ 2002 ਦੁਹਰਾਇਆ ਜਾ ਰਿਹਾ ਹੈ। ਜਿਨ੍ਹਾਂ 25-50 ਪ੍ਰਵਾਰਾਂ ਨੇ ਅਪਣੇ ਸਕੇ-ਸਬੰਧੀ ਗੁਆਏ ਹਨ, ਧਾਰਮਕ ਦਹਿਸ਼ਤ ਦਿੱਲੀ ਦੀਆਂ ਸੜਕਾਂ ਉਤੇ ਪਿਛਲੇ 72 ਘੰਟਿਆਂ ਵਿਚ ਵੇਖੀ ਹੈ,

ਉਹ ਗੁਜਰਾਤ ਮਾਡਲ ਵਾਂਗ ਮੁਸਲਮਾਨਾਂ ਵਿਰੁਧ ਗੁਜਰਾਤ ਮਾਡਲ ਹੀ ਦੁਹਰਾਇਆ ਜਾਂਦਾ ਵੇਖ ਰਹੇ ਹਨ। ਕੁੱਝ ਨਹੀਂ ਬਦਲਿਆ। ਸਿਰਫ਼ ਤਕਨੀਕੀ ਤਰੱਕੀ ਸਦਕਾ ਸੱਚ ਸਾਹਮਣੇ ਆਈ ਜਾ ਰਿਹਾ ਹੈ। 2020 ਦੇ ਅਨੁਰਾਗ ਠਾਕੁਰ, ਕਪਿਲ ਮਿਸ਼ਰਾ ਅਤੇ 1984 ਦੇ ਰਾਜੀਵ ਗਾਂਧੀ ਤੇ ਸੱਜਣ ਕੁਮਾਰ ਵਿਚ ਕੋਈ ਫ਼ਰਕ ਨਹੀਂ। -ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।