Exit Poll 2023: ਤ੍ਰਿਪੁਰਾ ਅਤੇ ਨਾਗਾਲੈਂਡ ਵਿਚ ਭਾਜਪਾ ਦੀ ਜਿੱਤ, ਮੇਘਾਲਿਆ ’ਚ NPP ਮਾਰ ਕਰਦੀ ਹੈ ਬਾਜ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਗਜ਼ਿਟ ਪੋਲ ਮੁਤਾਬਕ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਸੂਬੇ 'ਚ ਕਿਹੜੀ ਪਾਰਟੀ ਸੱਤਾ 'ਚ ਆ ਸਕਦੀ ਹੈ

Tripura, Meghalaya, Nagaland election exit poll

 

ਨਵੀਂ ਦਿੱਲੀ: ਉੱਤਰ-ਪੂਰਬੀ ਭਾਰਤ ਦੇ ਤਿੰਨ ਸੂਬਿਆਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਗਈਆਂ ਹਨ ਅਤੇ ਵੋਟਾਂ ਦੀ ਗਿਣਤੀ ਭਾਵ ਚੋਣ ਨਤੀਜੇ 2 ਮਾਰਚ 2023 ਨੂੰ ਐਲਾਨੇ ਜਾਣਗੇ। ਵੱਖ-ਵੱਖ ਮੀਡੀਆ ਹਾਊਸਾਂ ਵੱਲੋਂ ਕਰਵਾਏ ਗਏ ਐਗਜ਼ਿਟ ਪੋਲ ਵਿਚ ਚੋਣ ਨਤੀਜਿਆਂ ਦਾ ਰੁਝਾਨ ਸਾਹਮਣੇ ਆਇਆ ਹੈ। ਐਗਜ਼ਿਟ ਪੋਲ ਮੁਤਾਬਕ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਸੂਬੇ 'ਚ ਕਿਹੜੀ ਪਾਰਟੀ ਸੱਤਾ 'ਚ ਆ ਸਕਦੀ ਹੈ। ਤ੍ਰਿਪੁਰਾ ਵਿਚ 16 ਫਰਵਰੀ ਨੂੰ ਇਕ ਪੜਾਅ ਵਿਚ ਚੋਣਾਂ ਹੋਈਆਂ ਸਨ, ਜਦਕਿ ਮੇਘਾਲਿਆ ਅਤੇ ਨਾਗਾਲੈਂਡ ਵਿਚ ਸੋਮਵਾਰ 27 ਫਰਵਰੀ ਨੂੰ ਇਕ ਪੜਾਅ ਵਿਚ ਚੋਣਾਂ ਹੋਈਆਂ ਸਨ।

ਇਹ ਵੀ ਪੜ੍ਹੋ: ਮੇਰੇ ਦੋਸਤ ਨੇ ਸ੍ਰੀ ਦਰਬਾਰ ਸਾਹਿਬ ਤੋਂ ਲਿਆਂਦਾ ਕੜਾ ਹੱਥ ਤੋਂ ਉਤਾਰ ਕੇ ਦਿੱਤਾ ਸੀ, ਮਰਦੇ ਦਮ ਤੱਕ ਨਾਲ ਰੱਖਾਂਗਾ - ਜਾਵੇਦ ਅਖ਼ਤਰ

ਤ੍ਰਿਪੁਰਾ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ

ਤ੍ਰਿਪੁਰਾ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ 'ਚ ਉਥੇ ਭਾਜਪਾ ਦੀ ਸਰਕਾਰ ਮੁੜ ਬਣੀ ਨਜ਼ਰ ਆ ਰਹੀ ਹੈ। ਐਗਜ਼ਿਟ ਪੋਲ ਦੇ ਨਤੀਜਿਆਂ 'ਚ ਭਾਜਪਾ ਨੂੰ ਤ੍ਰਿਪੁਰਾ 'ਚ 45 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਸੂਬੇ ਵਿਚ ਕੁੱਲ 60 ਵਿਧਾਨ ਸਭਾ ਸੀਟਾਂ ਹਨ। ਵੱਖ-ਵੱਖ ਐਗਜ਼ਿਟ ਪੋਲਾਂ ਦੀ ਔਸਤ ਦੇ ਆਧਾਰ 'ਤੇ ਐਗਜ਼ਿਟ ਪੋਲ ਮੁਤਾਬਕ ਤ੍ਰਿਪੁਰਾ 'ਚ ਭਾਜਪਾ ਨੂੰ 31 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਖੱਬੇ ਮੋਰਚੇ ਨੂੰ 15 ਸੀਟਾਂ ਮਿਲਣਗੀਆਂ। ਕਾਂਗਰਸ ਨੂੰ ਇਕ ਵੀ ਸੀਟ ਮਿਲਣ ਦੀ ਉਮੀਦ ਨਹੀਂ ਹੈ।

ਇੰਡੀਆ ਟੂਡੇ ਦੇ ਐਗਜ਼ਿਟ ਪੋਲ ਮੁਤਾਬਕ ਤ੍ਰਿਪੁਰਾ 'ਚ ਭਾਜਪਾ ਆਸਾਨੀ ਨਾਲ ਬਹੁਮਤ ਹਾਸਲ ਕਰ ਲਵੇਗੀ। ਇੰਡੀਆ ਟੂਡੇ ਮੁਤਾਬਕ ਤ੍ਰਿਪੁਰਾ 'ਚ ਭਾਜਪਾ 36 ਤੋਂ 45 ਸੀਟਾਂ 'ਤੇ ਜਿੱਤ ਹਾਸਲ ਕਰੇਗੀ। "ਟਾਈਮਜ਼ ਨਾਓ-ਈਟੀਜੀ ਰਿਸਰਚ" ਦੇ ਐਗਜ਼ਿਟ ਪੋਲ ਅਨੁਸਾਰ ਤ੍ਰਿਪੁਰਾ ਵਿਚ ਭਾਜਪਾ ਨੂੰ 21 ਤੋਂ 27 ਸੀਟਾਂ, ਕਾਂਗਰਸ ਨੂੰ ਜ਼ੀਰੋ ਅਤੇ ਖੱਬੇ ਮੋਰਚੇ ਨੂੰ 18 ਤੋਂ 24 ਸੀਟਾਂ ਮਿਲ ਸਕਦੀਆਂ ਹਨ। 'ਜ਼ੀ ਨਿਊਜ਼-ਮੈਟ੍ਰਿਕਸ' ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 29 ਤੋਂ 36 ਸੀਟਾਂ, ਕਾਂਗਰਸ ਨੂੰ ਜ਼ੀਰੋ ਅਤੇ ਖੱਬੇ ਮੋਰਚੇ ਨੂੰ 13 ਤੋਂ 21 ਸੀਟਾਂ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਅਨੁਰਾਗ ਠਾਕੁਰ ਦਾ ਬਿਆਨ - ਮਨੀਸ਼ ਸਿਸੋਦੀਆ ਮੁਲਜ਼ਮ ਨੰਬਰ ਇਕ ਹੋ ਸਕਦੇ ਹਨ ਪਰ ਕਿੰਗਪਿਨ ਕੇਜਰੀਵਾਲ


ਨਾਗਾਲੈਂਡ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ

ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਹੋਏ ਐਗਜ਼ਿਟ ਪੋਲ 'ਚ ਭਾਜਪਾ-ਐੱਨਡੀਪੀਪੀ ਗਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਵੱਖ-ਵੱਖ ਐਗਜ਼ਿਟ ਪੋਲਾਂ ਦੀ ਔਸਤ ਦੇ ਆਧਾਰ 'ਤੇ ਐਗਜ਼ਿਟ ਪੋਲ ਮੁਤਾਬਕ ਭਾਜਪਾ-ਐਨਡੀਪੀਪੀ ਗਠਜੋੜ ਨੂੰ ਵਿਧਾਨ ਸਭਾ ਦੀਆਂ ਕੁੱਲ 60 ਸੀਟਾਂ ਵਿਚੋਂ 42, ਕਾਂਗਰਸ ਨੂੰ 1 ਅਤੇ ਐਨਪੀਐਫ ਨੂੰ 6 ਸੀਟਾਂ ਮਿਲਣ ਦੀ ਉਮੀਦ ਹੈ। 'ਜ਼ੀ ਨਿਊਜ਼-ਮੈਟ੍ਰੀਜ਼' ਦੇ ਐਗਜ਼ਿਟ ਪੋਲ ਮੁਤਾਬਕ ਨਾਗਾਲੈਂਡ 'ਚ ਭਾਜਪਾ-ਐਨਡੀਪੀਪੀ ਗਠਜੋੜ ਨੂੰ 35 ਤੋਂ 43 ਸੀਟਾਂ ਮਿਲਣ ਦੀ ਉਮੀਦ ਹੈ। ਇਸ ਸਰਵੇਖਣ ਮੁਤਾਬਕ 60 ਸੀਟਾਂ ਵਾਲੀ ਨਾਗਾਲੈਂਡ ਵਿਧਾਨ ਸਭਾ ਵਿਚ ਕਾਂਗਰਸ ਸਿਰਫ਼ 1 ਤੋਂ 3 ਸੀਟਾਂ ਹੀ ਜਿੱਤ ਸਕੇਗੀ।

ਨਾਗਾਲੈਂਡ ਵਿਚ ਕੁੱਲ 60 ਵਿਧਾਨ ਸਭਾ ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 31 ਹੈ। 'ਜ਼ੀ ਨਿਊਜ਼- ਮੈਟ੍ਰੀਜ਼' ਦੇ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ ਇਕ ਤੋਂ ਤਿੰਨ ਅਤੇ ਐਨਪੀਐੱਫ ਨੂੰ ਦੋ ਤੋਂ ਪੰਜ ਸੀਟਾਂ ਮਿਲਣ ਦੀ ਉਮੀਦ ਹੈ। "ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ" ਦੇ ਐਗਜ਼ਿਟ ਪੋਲ ਅਨੁਸਾਰ ਭਾਜਪਾ-ਐਨਡੀਪੀਪੀ ਗਠਜੋੜ ਨੂੰ 38 ਤੋਂ 48 ਸੀਟਾਂ, ਕਾਂਗਰਸ ਨੂੰ 1 ਤੋਂ 2 ਅਤੇ ਐਨਪੀਐਫ ਨੂੰ 3 ਤੋਂ 8 ਸੀਟਾਂ ਮਿਲਣ ਦੀ ਸੰਭਾਵਨਾ ਹੈ। "ਟਾਈਮਜ਼ ਨਾਓ-ਈਟੀਜੀ ਰਿਸਰਚ" ਦੇ ਐਗਜ਼ਿਟ ਪੋਲ ਵਿਚ ਭਾਜਪਾ ਨੂੰ 39 ਤੋਂ 40 ਸੀਟਾਂ, ਕਾਂਗਰਸ ਨੂੰ ਜ਼ੀਰੋ ਅਤੇ ਐਨਪੀਐਫ ਨੂੰ 4 ਤੋਂ 8 ਸੀਟਾਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ: ਤੁਰਕੀ 'ਚ ਫਿਰ ਆਇਆ ਜ਼ਬਰਦਸਤ ਭੂਚਾਲ, ਰਿਕਟਰ ਪੈਮਾਨੇ 'ਤੇ 5.6 ਰਹੀ ਤੀਬਰਤਾ

ਮੇਘਾਲਿਆ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ

ਮੇਘਾਲਿਆ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਅਨੁਸਾਰ ਕੁੱਲ 60 ਸੀਟਾਂ ਵਿਚੋਂ ਭਾਜਪਾ ਨੂੰ 6, ਕਾਂਗਰਸ ਨੂੰ 6 ਅਤੇ ਐਨਪੀਪੀ ਨੂੰ 20 ਸੀਟਾਂ ਮਿਲਣ ਦੀ ਸੰਭਾਵਨਾ ਹੈ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਐਗਜ਼ਿਟ ਪੋਲ ਨੇ ਭਾਜਪਾ ਨੂੰ 4 ਤੋਂ 8 ਸੀਟਾਂ, ਕਾਂਗਰਸ ਨੂੰ 6 ਤੋਂ 11 ਅਤੇ ਐਨਪੀਪੀ ਨੂੰ 18 ਤੋਂ 24 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ।

‘ਜਨ ਕੀ ਬਾਤ’ ਦੇ ਐਗਜ਼ਿਟ ਪੋਲ ਵਿਚ ਮੇਘਾਲਿਆ ਵਿਚ ਭਾਜਪਾ ਨੂੰ 3 ਤੋਂ 7, ਕਾਂਗਰਸ ਨੂੰ 6 ਤੋਂ 11 ਅਤੇ ਐਨਪੀਪੀ ਨੂੰ 11 ਤੋਂ 16 ਸੀਟਾਂ ਮਿਲ ਸਕਦੀਆਂ ਹਨ। 'ਟਾਈਮਜ਼ ਨਾਓ-ਈਟੀਜੀ ਰਿਸਰਚ' ਮੁਤਾਬਕ ਭਾਜਪਾ ਨੂੰ 3 ਤੋਂ 6 ਸੀਟਾਂ, ਕਾਂਗਰਸ ਨੂੰ 2 ਤੋਂ 5 ਅਤੇ ਐਨਪੀਪੀ ਨੂੰ 18 ਤੋਂ 26 ਸੀਟਾਂ ਮਿਲਣ ਦੀ ਸੰਭਾਵਨਾ ਹੈ। 'ਜ਼ੀ ਨਿਊਜ਼-ਮੈਟਰੀਜ਼' ਦਾ ਅਨੁਮਾਨ ਹੈ ਕਿ ਭਾਜਪਾ ਨੂੰ 6 ਤੋਂ 11, ਕਾਂਗਰਸ ਨੂੰ 3 ਤੋਂ 6 ਅਤੇ ਐਨਪੀਪੀ ਨੂੰ 21 ਤੋਂ 26 ਸੀਟਾਂ ਮਿਲ ਸਕਦੀਆਂ ਹਨ।